• Saturday, 18 April 2026
Advertisement Advertisement
ਅੰਡੇਮਾਨ ਸਮੁੰਦਰ ਵਿਚ ਕਿਸ਼ਤੀ ਡੁੱਬੀ, 250 ਤੋਂ ਵੱਧ ਲੋਕ ਲਾਪਤਾ

16 Apr 2026 | 16 Views

ਅੰਡੇਮਾਨ ਸਮੁੰਦਰ ਵਿਚ ਕਿਸ਼ਤੀ ਡੁੱਬੀ, 250 ਤੋਂ ਵੱਧ ਲੋਕ ਲਾਪਤਾ

 

ਬੰਗਲਾਦੇਸ਼ੀ ਅਤੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਮਲੇਸ਼ੀਆ ਲੈ ਕੇ ਜਾ ਰਹੀ ਸੀ ਕਿਸ਼ਤੀ

ਢਾਕਾ, 15 ਅਪ੍ਰੈਲ : ਅੰਡਮਾਨ ਸਮੁੰਦਰ ਵਿਚ ਮਲੇਸ਼ੀਆ ਵਲ ਜਾ ਰਹੀ ਇਕ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 250 ਲੋਕ, ਜਿਨ੍ਹਾਂ ਵਿਚ ਰੋਹਿੰਗਿਆ ਸ਼ਰਨਾਰਥੀ ਅਤੇ ਬੰਗਲਾਦੇਸ਼ੀ ਨਾਗਰਿਕ ਸ਼ਾਮਲ ਹਨ, ਲਾਪਤਾ ਹੋ ਗਏ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ (ਯੂ.ਐਨ.ਐਚ.ਸੀ.ਆਰ.) ਅਤੇ ਕੌਮਾਂਤਰੀ ਮਾਈਗ੍ਰੇਸ਼ਨ ਸੰਸਥਾ (ਆਈ.ਓ.ਐਮ.) ਨੇ ਦਿਤੀ ਹੈ। ਬੰਗਲਾਦੇਸ਼ ਕੋਸਟ ਗਾਰਡ ਦੇ ਬੁਲਾਰੇ ਲੈਫਟਿਨੈਂਟ ਕਮਾਂਡਰ ਸੱਬਰ ਆਲਮ ਸੁਜ਼ਾਨ ਨੇ ਦਸਿਆ ਕਿ "9 ਅਪ੍ਰੈਲ ਨੂੰ 9 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿਚ 3 ਰੋਹਿੰਗਿਆ ਅਤੇ 6 ਬੰਗਲਾਦੇਸ਼ੀ ਸਨ।” ਇਹ ਬਚਾਅ ਕਾਰਵਾਈ ਬੰਗਲਾਦੇਸ਼ੀ ਜਹਾਜ਼ ਐਮ..ਟੀ.. ਮੇਘਨਾ ਪਰਾਈਡ ਦੇ ਕਰਮਚਾਰੀਆਂ ਨੇ ਕੀਤੀ, ਜਦੋਂ ਉਨ੍ਹਾਂ ਨੇ ਸਮੁੰਦਰ ਵਿਚ ਲੋਕਾਂ ਨੂੰ ਤੈਰਦਾ ਵੇਖਿਆ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਕਿਹਾ ਕਿ ਕਿਸ਼ਤੀ ਟੇਕਨਾਫ (ਕਾਕਸ ਬਜ਼ਾਰ) ਤੋਂ ਚਲੀ ਸੀ ਅਤੇ ਜ਼ਿਆਦਾ ਭੀੜ ਅਤੇ ਤੇਜ਼ ਹਵਾਵਾਂ ਕਾਰਨ ਡੁੱਬ ਗਈ। ਯੂ.ਐਨ.ਐਚ.ਸੀ.ਆਰ. ਦੀ ਅਧਿਕਾਰੀ ਸ਼ਾਰੀ ਨਿਜਮਾਨ ਨੇ ਕਿਹਾ, "ਸਾਡੇ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ।" ਅਧਿਕਾਰੀਆਂ ਨੇ ਦਸਿਆ ਕਿ ਬਚਾਏ ਗਏ ਲੋਕਾਂ ਨੂੰ ਕੋਸਟ ਗਾਰਡ ਨੇ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਇਹ ਕਾਰਵਾਈ ਕਿਸੇ ਅਧਿਕਾਰਤ ਖੋਜ ਮੁਹਿੰਮ ਦਾ ਹਿੱਸਾ ਨਹੀਂ ਸੀ ਕਿਉਂਕਿ ਘਟਨਾ ਬੰਗਲਾਦੇਸ਼ ਦੀ ਸੀਮਾ ਤੋਂ ਬਾਹਰ ਵਾਪਰੀ।

ਯੂ.ਐਨ.ਐਚ.ਸੀ.ਆਰ.ਅਤੇ ਆਈ.ਓ.ਐਮ. ਨੇ ਜ਼ੋਰ ਦਿਤਾ ਕਿ ਇਹ ਘਟਨਾ ਰੋਹਿੰਗਿਆ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਬੇਘਰੀ ਅਤੇ ਮਿਆਂਮਾਰ ਵਿਚ ਹਿੰਸਾ ਕਾਰਨ ਉਨ੍ਹਾਂ ਦੀ ਵਾਪਸੀ ਦੀ ਅਨਿਸ਼ਚਿਤਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ "ਸੀਮਿਤ ਸਹਾਇਤਾ ਅਤੇ ਰੋਜ਼ਗਾਰ ਦੇ ਮੌਕੇ ਦੀ ਘਾਟ ਕਾਰਨ ਰੋਹਿੰਗਿਆ ਸ਼ਰਨਾਰਥੀ ਖ਼ਤਰਨਾਕ ਸਮੁੰਦਰੀ ਯਾਤਰਾਵਾਂ ਕਰਨ ਲਈ ਮਜਬੂਰ ਹਨ।”

Categories: Punjab

Tags: Update

Published on: 16 Apr 2026

Guraashish Singh Dhaliwal
Mobile N/A
📣 Share this post

Latest News