ਫਿਰੋਜ਼ਪੁਰ, 15 ਅਪ੍ਰੈਲ 2026:
ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਮੂੰਹ ਖੂਰ (ਐਫਐਮਡੀ) ਵੈਕਸੀਨੇਸ਼ਨ ਦਾ 8ਵਾਂ ਰਾਊਂਡ ਅੱਜ ਤੋਂ ਜ਼ਿਲ੍ਹੇ ਵਿੱਚ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਵੈਕਸੀਨੇਸ਼ਨ ਮੁਹਿੰਮ ਕੈਂਪੇਨ ਮੋਡ ਵਿੱਚ ਚਲਾਈ ਜਾ ਰਹੀ ਹੈ ਅਤੇ ਇਸ ਨੂੰ 45 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਤੀਬਰ ਮੁਹਿੰਮ ਤਹਿਤ ਜ਼ਿਲ੍ਹੇ ਭਰ ਦੇ ਸਾਰੀਆਂ ਗਾਵਾਂ ਅਤੇ ਮੱਝਾਂ ਨੂੰ ਐਨੀਮਲ ਹਸਬੈਂਡਰੀ ਵਿਭਾਗ ਦੀਆਂ ਟੀਮਾਂ ਵੱਲੋਂ ਪਸ਼ੂ ਪਾਲਕਾਂ ਦੇ ਘਰਾਂ ਤੱਕ ਜਾ ਕੇ ਵੈਕਸੀਨ ਲਗਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਵੈਕਸੀਨੇਸ਼ਨ ਮੁਹਿੰਮ ਦਾ ਮੁੱਖ ਉਦੇਸ਼ ਫਿਰੋਜ਼ਪੁਰ ਜ਼ਿਲ੍ਹੇ ਦੇ ਪਸ਼ੂਆਂ ਨੂੰ ਖੁਰ ਅਤੇ ਮੂੰਹ ਦੀ ਬਿਮਾਰੀ ਤੋਂ ਬਚਾਉਣਾ ਹੈ ਅਤੇ ਇਸ ਬਿਮਾਰੀ ਨੂੰ ਜੜੋਂ ਖਤਮ ਕਰਨਾ ਹੈ।
ਪਸ਼ੂ ਪਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੈਕਸੀਨੇਸ਼ਨ ਕਰਨ ਆਈਆਂ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਅਤੇ ਆਪਣੇ ਪਿੰਡਾਂ ਦੀਆਂ ਸਾਰੀਆਂ ਗਾਵਾਂ ਅਤੇ ਮੱਝਾਂ ਨੂੰ ਵੈਕਸੀਨ ਲਗਵਾਉਣ। ਉਹ ਆਪਣੇ ਪਿੰਡ ਵੈਕਸੀਨ ਲਾਉਣ ਲਈ ਆਈਆਂ ਟੀਮਾਂ ਨੂੰ ਪੂਰਾ ਸਹਿਯੋਗ ਪ੍ਰਦਾਨ ਕਰਨ ਤਾਂ ਜੋ ਇਸ ਮੁਹਿੰਮ ਨੂੰ ਨਿਰਧਾਰਤ ਸਮੇਂ ਵਿੱਚ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ।
ਐਨੀਮਲ ਹਸਬੈਂਡਰੀ ਵਿਭਾਗ ਫ਼ਿਰੋਜ਼ਪੁਰ ਵੱਲੋਂ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੈਕਸੀਨ ਦਾ ਲੋੜੀਂਦਾ ਸਟਾਕ ਅਤੇ ਲੋੜੀਂਦੀ ਵੈਟਰਨਰੀ ਸਟਾਫ ਤੇ ਪੈਰਾ-ਵੈਟਰਨਰੀ ਕਰਮਚਾਰੀਆਂ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਪਸ਼ੂ ਪਾਲਕ ਆਪਣੇ ਨਜ਼ਦੀਕੀ ਵੈਟਰਨਰੀ ਹਸਪਤਾਲ ਜਾਂ ਵੈਟਰਨਰੀ ਡਿਸਪੈਂਸਰੀ ਨਾਲ ਸੰਪਰਕ ਕਰ ਸਕਦੇ ਹਨ।