ਮਾਨਸਾ, 24 ਸਤੰਬਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਦਾ ਪਹਿਲਾ ਸ਼ੋਅ 9 ਅਕਤੂਬਰ ਨੂੰ ਟੋਰਾਂਟੋ ਵਿੱਚ ਕਰਵਾਇਆ ਜਾਵੇਗਾ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਇਹ ਸ਼ੋਅ ਆਧੁਨਿਕ ਤਕਨੀਕ ਰਾਹੀਂ ਕਰਵਾਇਆ ਜਾਵੇਗਾ, ਜਿਸ ਵਿੱਚ ਹੋਲੋਗ੍ਰਾਮ ਦੇ ਜ਼ਰੀਏ ਸਿੱਧੂ ਮੂਸੇਵਾਲਾ ਨੂੰ ਮੰਚ ’ਤੇ ਪੇਸ਼ ਕੀਤਾ ਜਾਵੇਗਾ। ਸ਼ੋਅ ਦੌਰਾਨ ਉਨ੍ਹਾਂ ਦੇ ਗੀਤ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਵੀ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਟੋਰਾਂਟੋ ਤੋਂ ਬਾਅਦ ਕੈਲਗਰੀ, ਵੈਨਕੂਵਰ ਅਤੇ ਕੈਲੀਫੋਰਨੀਆ ਸਮੇਤ ਹੋਰ ਥਾਵਾਂ ’ਤੇ ਵੀ ਸ਼ੋਅ ਕਰਵਾਏ ਜਾਣਗੇ। ਇਹ ਟੂਰ ਭਾਰਤ ਅਤੇ ਪਾਕਿਸਤਾਨ ਸਮੇਤ ਕੁੱਲ 8 ਦੇਸ਼ਾਂ ਵਿੱਚ ਕਰਵਾਏ ਜਾਣ ਦੀ ਯੋਜਨਾ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਸ਼ੋਅ ਵਿੱਚ ਹੋਰ ਨਾਮੀ ਕਲਾਕਾਰ ਵੀ ਆਪਣੀ ਪੇਸ਼ਕਾਰੀ ਦੇਣਗੇ। ਉਹ ਆਪਣੇ ਪਰਿਵਾਰ ਸਮੇਤ ਇਸ ਸ਼ੋਅ ਵਿੱਚ ਮੌਜੂਦ ਰਹਿਣਗੇ ਅਤੇ ਸਿੱਧੂ ਦੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਵੱਲੋਂ ਲਿਖੇ ਗੀਤ ਆਉਣ ਵਾਲੇ ਕਈ ਸਾਲਾਂ ਤੱਕ ਰਿਲੀਜ਼ ਕੀਤੇ ਜਾਂਦੇ ਰਹਿਣਗੇ। ਇਸ ਐਲਾਨ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।