ਪੰਜਾਬ ਦੀ ਟੀਮ ਨੇ ਕੌਮੀ ਪੱਧਰ ’ਤੇ ਤੀਜਾ ਸਥਾਨ ਹਾਸਲ ਕਰਕੇ ਰਚਿਆ ਇਤਿਹਾਸ
ਬਠਿੰਡਾ, 30 ਅਕਤੂਬਰ :
ਸ. ਰਿਪੁਦਮਨ ਸਿੰਘ ਬਰਾੜ ਨੇ ਸ਼ਤਰੰਜ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-19 ਸਕੂਲ ਖੇਡਾਂ ਦੇ ਕੌਮੀ ਪੱਧਰ ਦੇ ਸ਼ਤਰੰਜ ਮੁਕਾਬਲੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦਿੱਲੀ ਵਿਖੇ ਕਰਵਾਏ ਗਏ ਇਨ੍ਹਾਂ ਕੌਮੀ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਪੰਜਾਬ ਦੀ ਟੀਮ ਨੇ ਸ਼ਤਰੰਜ ਨੈਸ਼ਨਲ ਮੁਕਾਬਲੇ ਵਿੱਚ ਆਪਣਾ ਪਹਿਲਾ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਹੈ।
ਜ਼ਿਕਰਯੋਗ ਹੈ ਕਿ ਸ. ਰਿਪੁਦਮਨ ਸਿੰਘ ਬਰਾੜ ਪਹਿਲਾਂ ਵੀ ਵੱਖ-ਵੱਖ ਸ਼ਤਰੰਜ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ। ਉਹ ਤਿੰਨ ਵਾਰ ਪੰਜਾਬ ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤ ਚੁੱਕੇ ਹਨ। ਖੇਡਾਂ ਦੇ ਨਾਲ-ਨਾਲ ਉਹ ਪੜ੍ਹਾਈ ਵਿੱਚ ਵੀ ਮੋਹਰੀ ਹਨ ਅਤੇ ਬਠਿੰਡਾ ਦੇ ‘ਦਾ ਮਿਲੇਨੀਅਮ ਸਕੂਲ’ ਵਿੱਚ ਬਾਰ੍ਹਵੀਂ ਜਮਾਤ ਦੇ ਸੁਪਰ ਮੈਡੀਕਲ ਦੇ ਵਿਦਿਆਰਥੀ ਹਨ। ਉਨ੍ਹਾਂ ਦਾ ਸੁਪਨਾ ਆਈ.ਆਈ.ਟੀ. ਵਿੱਚ ਦਾਖਲਾ ਹਾਸਲ ਕਰਨਾ ਹੈ।
ਬਠਿੰਡਾ ਪਹੁੰਚਣ ’ਤੇ ਰੇਲਵੇ ਸਟੇਸ਼ਨ ਵਿਖੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਸਕੂਲ ਦੇ ਪ੍ਰਿੰਸੀਪਲ ਡਾ. ਸੁਰਭੀ ਜੋਸ਼ੀ, ਸ. ਪ੍ਰਕਾਸ਼ ਸਿੰਘ ਡੀ.ਪੀ.ਈ., ਕੋਚ ਸ੍ਰੀ ਸੂਰਜ ਕੁਮਾਰ ਅਤੇ ਸ੍ਰੀ ਪੰਕਜ ਕੁਮਾਰ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਗਈ।
ਆਪਣੀ ਇਸ ਸਫ਼ਲਤਾ ਦਾ ਸਿਹਰਾ ਸ. ਰਿਪੁਦਮਨ ਸਿੰਘ ਬਰਾੜ ਨੇ ਪ੍ਰਮਾਤਮਾ ਅਤੇ ਆਪਣੀ ਮਾਤਾ ਸ੍ਰੀਮਤੀ ਵੀਰਪਾਲ ਕੌਰ ਦੀ ਅਣਥੱਕ ਮਿਹਨਤ ਅਤੇ ਹੌਸਲਾ ਅਫ਼ਜ਼ਾਈ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਤਾ, ਜੋ ਕਿ ਪੇਸ਼ੇ ਵਜੋਂ ਅਧਿਆਪਕ ਹਨ, ਨੇ ਹਰ ਪੜਾਅ ’ਤੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸ਼ਤਰੰਜ ਵਰਗੀ ਖੇਡ ਵਿੱਚ ਮਾਪਿਆਂ ਦਾ ਸਹਿਯੋਗ ਅਤੇ ਹੌਸਲਾ ਬਹੁਤ ਮਹੱਤਵਪੂਰਨ ਹੁੰਦਾ ਹੈ।
ਇਸ ਮੌਕੇ ਉਨ੍ਹਾਂ ਨੇ ਆਪਣੇ ਕੋਚ ਸ. ਜਸਪ੍ਰੀਤ ਸਿੰਘ, ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਤਰੰਜ ਦੀਆਂ ਮੁੱਢਲੀਆਂ ਚਾਲਾਂ ਸਿਖਾਈਆਂ, ਤੋਂ ਇਲਾਵਾ ਸ੍ਰੀ ਪੰਕਜ ਸ਼ਰਮਾ, ਸ੍ਰੀ ਸੌਰਵ ਅਤੇ ਸ. ਮਨਦੀਪ ਸਿੰਘ ਡੀ.ਪੀ.ਈ. ਸੁਨਾਮ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਯੋਗ ਅਗਵਾਈ ਅਤੇ ਮਾਰਗਦਰਸ਼ਨ ਦਿੱਤਾ।