ਫਿਰੋਜ਼ਪੁਰ, 26 ਮਈ 2026: ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 2026 ਦੌਰਾਨ ਵੋਟਰਾਂ ਨੇ ਉਤਸ਼ਾਹ ਨਾਲ ਆਪਣੇ ਮਤ ਦਾ ਇਸਤੇਮਾਲ ਕੀਤਾ, ਜਿਸ ਦੇ ਨਤੀਜੇ ਵਜੋਂ ਜ਼ਿਲ੍ਹੇ ਵਿੱਚ ਕੁੱਲ 60.45 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਚੋਣ ਪ੍ਰਕਿਰਿਆ ਨੂੰ ਅਮਨ-ਸ਼ਾਂਤੀ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੋਟਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵਿੱਚ 57.25 ਫੀਸਦੀ, ਨਗਰ ਕੌਂਸਲ ਜ਼ੀਰਾ ਵਿੱਚ 67.59 ਫੀਸਦੀ ਅਤੇ ਨਗਰ ਕੌਂਸਲ ਤਲਵੰਡੀ ਭਾਈ ਵਿੱਚ 65.44 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜ਼ਿਲ੍ਹੇ ਭਰ ਵਿੱਚ ਕੁੱਲ 72,681 ਵੋਟਾਂ ਪੋਲ ਹੋਈਆਂ।
ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਵੱਖ-ਵੱਖ ਟੀਮਾਂ ਦਿਨ-ਰਾਤ ਤਾਇਨਾਤ ਰਹੀਆਂ। ਇਨ੍ਹਾਂ ਯਤਨਾਂ ਕਾਰਨ ਜ਼ਿਲ੍ਹੇ ਵਿੱਚ ਵੋਟਿੰਗ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਸੰਪੰਨ ਹੋਈ।
ਦੀਪਸ਼ਿਖਾ ਸ਼ਰਮਾ ਨੇ ਵੋਟਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਵੋਟਿੰਗ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪੋਲ ਹੋਈਆਂ ਵੋਟਾਂ ਦੀ ਗਿਣਤੀ 29 ਮਈ 2026 ਨੂੰ ਕੀਤੀ ਜਾਵੇਗੀ, ਜਿਸ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।