ਕਿਹਾ ਕਿ ਕਾਂਗਰਸ ਤੇ ਆਪ ਨੇ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕੀਤੀ ਤੇ ਐਸ ਸੀ ਭਾਈਚਾਰੇ ਲਈ ਮਕਾਨ ਤੇ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਭੱਜੀਆਂ
ਫਾਜ਼ਿਲਕਾ/ਗੁਰੂਹਰਸਹਾਏ, 23 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ਕਮਜ਼ੋਰ ਵਰਗਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਕਿਉਂਕਿ ਦੋਵੇਂ ਪਾਰਟੀਆਂ ਨੇ ਇਹਨਾਂ ਦੇ ਸਮਾਜ ਭਲਾਈ ਲਾਭਾਂ ਵਿਚ ਕਟੌਤੀ ਕੀਤੀ ਤੇ ਇਹਨਾਂ ਨੂੰ ਮਕਾਨ ਤੇ ਰੋਜ਼ਗਾਰ ਦੇਣ ਦੇ ਵਾਅਦਿਆਂ ਤੋਂ ਭੱਜ ਗਈਆਂ।
ਐਸ ਸੀ ਵਿੰਗ ਪ੍ਰਧਾਨ ਜਿਹਨਾਂ ਨਾਲ ਜਲਾਲਾਬਾਦ ਤੇ ਗੁਰੂ ਹਰਿਸਹਾਏ ਦਾ ਦੌਰਾ ਕਰ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ 10 ਨਵੰਬਰ ਤੋਂ ਸ਼ੁਰੂ ਹੋ ਰਹੀ ਪੰਜਾਬ ਯਾਤਰਾ ਲਈ ਪਾਰਟੀ ਵਰਕਰਾਂ ਨੂੰ ਲਾਮਬੱਧ ਕੀਤਾ, ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਟਾ ਦਾਲ ਸਕੀਮ ਤਹਿਤ ਆਟਾ ਘਟਾ ਕੇ 10 ਕਿਲੋ ਪ੍ਰਤੀ ਮਹੀਨਾ ਕੀਤਾ ਅਤੇ ਆਪ ਸਰਕਾਰ ਨੇ ਇਸ ਵਿਚ ਹੋਰ ਕਟੌਤੀ ਕਰ ਕੇ ਇਸਨੂੰ 5 ਕਿਲੋ ਪ੍ਰਤੀ ਮਹੀਨਾ ਕਰ ਦਿੱਤਾ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ 30 ਕਿਲੋ ਕਣਕ ਪ੍ਰਤੀ ਮਹੀਨਾ ਮਿਲਦੀ ਸੀ। ਉਹਨਾਂ ਕਿਹਾ ਕਿ ਹੁਣ ਅਸੀਂ ਵਾਅਦਾ ਕਰ ਰਹੇ ਹਾਂ ਕਿ ਅਸੀਂ ਇਸਨੂੰ ਵਧਾ ਕੇ 50 ਕਿਲੋ ਪ੍ਰਤੀ ਮਹੀਨਾ ਕਰਾਂਗੇ।
ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਜ਼ੋਰ ਦੇ ਕੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹਨਾਂ ਕੋਲ ਰਿਹਾਇਸ਼ੀ ਪਲਾਟ ਨਹੀਂ ਹਨ, ਉਹਨਾਂ ਨੂੰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ।
ਸਰਦਾਰ ਰਣੀਕੇ ਨੇ ਜ਼ੋਰ ਦੇ ਕੇ ਕਿਹਾ ਕਿ ਐਸ ਸੀ ਭਾਈਚਾਰੇ ਨਾਲ ਰੋਜ਼ਗਾਰ ਦੇਣ ਦੇ ਮਾਮਲੇ ਵਿਚ ਵੀ ਵਿਤਕਰਾ ਹੋਇਆ ਹੈ। ਉਹਨਾਂ ਕਿਹਾ ਕਿ ਐਸ ਸੀ ਭਾਈਚਾਰੇ ਨੂੰ ਰੋਜ਼ਗਾਰ ਦੇਣਾ ਤਾਂ ਦੂਰ ਦੀ ਗੱਲ ਆਪ ਸਰਕਾਰ ਨੇ ਐਸ ਸੀ ਭਾਈਚਾਰੇ ਦੇ ਮੈਂਬਰਾਂ ਦੀ ਸੇਵਾ ਮੁਕਤੀ ’ਤੇ ਖਾਲੀ ਹੁੰਦੀਆਂ ਆਸਾਮੀਆਂ ਵੀ ਨਹੀਂ ਭਰੀਆਂ। ਐਸ ਸੀ ਭਾਈਚਾਰੇ ਦੇ ਮੈਂਬਰਾਂ ਨਾਲ ਤਰੱਕੀਆਂ ਦੇ ਮਾਮਲੇ ਵਿਚ ਵੀ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਾਜਸਥਾਨ ਤੇ ਹਰਿਆਣਾ ਤੋਂ ਬਾਹਰਲਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਾਰੀਆਂ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ।
ਜਲਾਲਾਬਾਦ ਵਿਚ ਰਾਏ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਮਸਲਿਆਂ ਦੀ ਗੱਲ ਕਰਦਿਆਂ ਸਰਦਾਰ ਰਣੀਕੇ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਵੱਲੋਂ ਦਰਿਆਵਾਂ ਦੇ ਨਾਲ ਲੱਗਦੀ ਵਾਹੀ ਜਾਂਦੀ ਸਾਰੀ ਜ਼ਮੀਨ ਦੇ ਮਾਲਕਾਨਾ ਹੱਕ ਉਹਨਾਂ ਦੇ ਨਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਕਾਂਗਰਸ ਸਰਕਾਰ ਨੇ ਆ ਕੇ ਉਸ ’ਤੇ ਰੋਕ ਲਗਾ ਦਿੱਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਵੀ ਵਾਹੀ ਜਾਂਦੀ ਜ਼ਮੀਨ ਕਿਸਾਨਾਂ ਦੇ ਨਾਮ ਕਰਨ ਦੇ ਮਾਮਲੇ ਵਿਚ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਮਾਲਕਾਨਾ ਹੱਕ ਕਿਸਾਨਾਂ ਨੂੰ ਦਿੱਤੇ ਜਾਣਗੇ।
ਐਸ ਸੀ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਰਹੱਦੀ ਪੱਟੀ ਵਿਚ ਉਦਯੋਗੀਕਰਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਨਿਵੇਸ਼ਕਾਰਾਂ ਨੂੰ ਆਕਰਸ਼ਤ ਕਰ ਕੇ ਤੇਜ਼ ਰਫਤਾਰ ਉਦਯੋਗੀਕਰਨ ਦੀ ਯੋਜਨਾ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਇਲਾਕੇ ਵਾਸਤੇ ਆਰਥਿਕ ਪੈਕੇਜ ਵੀ ਲਿਆਵੇਗੀ।
ਇਸ ਮੌਕੇ ਸਰਦਾਰ ਰਣੀਕੇ ਦੇ ਨਾਲ ਸਤਿੰਦਰਜੀਤ ਸਿੰਘ ਮੰਟਾ, ਰਾਜ ਸਿੰਘ ਡਿੱਬੀਪੁਰ ਤੇ ਵਰਦੇਵ ਸਿੰਘ ਨੋਨੀ ਮਾਨ ਵੀ ਹਾਜ਼ਰ ਸਨ।