*ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਯੋਗਤਾ 1 ਜਨਵਰੀ 2027 ਅਨੁਸਾਰ ਵਿਸ਼ੇਸ਼ ਸੁਧਾਈ ਸ਼ਡਿਊਲ ਜਾਰੀ*
*ਰਾਜਨੀਤਿਕ ਪਾਰਟੀਆਂ ਨਾਲ ਕੀਤਾ ਗਿਆ ਸਾਂਝਾ*
*24 ਅਕਤੂਬਰ ਨੂੰ ਸ਼ਾਮ 3 ਤੋਂ 5 ਵਜੇ ਤੱਕ ਲੱਗਣਗੇ ਵਿਸ਼ੇਸ਼ ਕੈਂਪ*
ਬਠਿੰਡਾ, 22 ਅਕਤੂਬਰ :
ਅੱਜ ਜ਼ਿਲ੍ਹੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਧੀਕ ਜ਼ਿਲ੍ਹਾ ਚੋਣ ਅਫਸ਼ਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਵੱਲੋਂ ਬੈਠਕ ਕੀਤੀ ਗਈ।
ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ 1 ਜਨਵਰੀ 2027 ਦੇ ਅਧਾਰ 'ਤੇ ਸਪੈਸ਼ਲ ਸਮਰੀ ਰਿਵੀਜ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਹ ਨਿਰਧਾਰਤ ਸ਼ਡਿਊਲ ਮੀਟਿੰਗ ਵਿੱਚ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਸਾਂਝਾ ਕਰਨ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਦੀਆਂ ਗਿਣਤੀ ਵਧਾਉਣ ਦੀਆਂ ਤਜਵੀਜ਼ਾਂ ਸਬੰਧੀ ਵੀ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਰਕ ਸੰਗਤ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1204 ਤੋਂ ਘਟ ਕੇ 1200 ਰਹਿ ਗਈ ਹੈ ਅਤੇ ਜ਼ਿਲ੍ਹੇ ਵਿੱਚ ਸਥਾਪਿਤ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ 92-ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ 4 ਪੋਲਿੰਗ ਸਟੇਸ਼ਨ ਘੱਟ ਹੋਣ ਕਾਰਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ 249 ਤੋਂ ਘਟ ਕੇ 245 ਰਹਿ ਗਈ ਹੈ।
ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਨੂੰ ਦੱਸਿਆ ਗਿਆ ਕਿ ਮਿਤੀ 24 ਅਕਤੂਬਰ 2026 (ਦਿਨ ਸ਼ਨੀਵਾਰ) ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ 'ਤੇ ਬੂਥ ਲੈਵਲ ਅਫ਼ਸਰਾਂ ਵੱਲੋਂ ਸ਼ਾਮ 3 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਅਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਦੁਆਰਾ ਆਪਣੇ ਬੀ.ਐਲ.ਏ. ਜ਼ਰੂਰ ਪੋਲਿੰਗ ਸਟੇਸ਼ਨਾਂ ਤੇ ਬਿਠਾਏ ਜਾਣ ਤਾਂ ਜੋ ਲੋਕਾਂ ਨੂੰ ਇਨ੍ਹਾਂ ਕੈਂਪਾਂ ਦੌਰਾਨ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਅਤੇ ਕੋਈ ਵੀ ਯੋਗ ਵੋਟਰ ਆਪਣੀ ਵੋਟ ਬਣਾਉਣ ਤੋਂ ਵਾਝਾਂ ਨਾ ਰਹਿ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ 2 ਨਵੰਬਰ ਤੱਕ, ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ 12 ਨਵੰਬਰ ਤੱਕ, ਦਾਅਵੇ/ਇਤਰਾਜ਼ ਪ੍ਰਾਪਤ ਕਰਨ ਦਾ ਸਮਾਂ 12 ਨਵੰਬਰ ਤੋਂ 11 ਦਸੰਬਰ ਤੱਕ, ਦਾਅਵੇ/ਇਤਰਾਜ਼ਾਂ ਦਾ ਨਿਪਟਾਰਾ 28 ਦਸੰਬਰ ਤੱਕ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ 2027 ਨੂੰ ਹੋਵੇਗੀ।
ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀਮਤੀ ਹਰਜਿੰਦਰ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਨਾਗਰਿਕ ਵੋਟਰ ਸੂਚੀ ਵਿੱਚ ਆਪਣੇ ਵੇਰਵੇ ਚੈੱਕ ਕਰ ਸਕਦੇ ਹਨ। ਇਸ ਕੈਂਪ ਦੌਰਾਨ ਨਵੇਂ ਯੋਗ ਵੋਟਰ (ਜਿਨ੍ਹਾਂ ਦੀ ਉਮਰ 01.01.2027 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਰਹੀ ਹੈ) ਆਪਣੇ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਫਾਰਮ ਨੰਬਰ 6 ਭਰ ਸਕਦੇ ਹਨ। ਵੋਟਰ ਸੂਚੀ ਵਿੱਚੋਂ ਨਾਮ ਕਟਵਾਉਣ ਲਈ ਫਾਰਮ 7 ਅਤੇ ਕਿਸੇ ਵੀ ਤਰ੍ਹਾਂ ਦੀ ਸੋਧ ਜਾਂ ਰਿਹਾਇਸ਼ ਦੀ ਤਬਦੀਲੀ ਲਈ ਫਾਰਮ 8 ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸ੍ਰੀ ਸੁਨੀਲ ਕੁਮਾਰ, ਪ੍ਰਗਟ ਸਿੰਘ, ਪਰਿੰਦਰ ਪੈਵੀ, ਬੀ.ਜੇ.ਪੀ. ਤੋਂ ਹਰਪ੍ਰੀਤ ਸਿੰਘ ਮਾਨ, ਬੀ.ਐਸ.ਪੀ. ਤੋਂ ਬਨਵਾਰੀ ਲਾਲ, ਜੋਗਿੰਦਰ ਸਿੰਘ, ਵਿਸ਼ਾਲ, ਐਸ.ਏ.ਡੀ. ਤੋਂ ਕੁਲਦੀਪ ਸਿੰਘ ਤੋਂ ਇਲਾਵਾ ਚੋਣ ਕਾਨੂੰਗੋ ਪਰਮਜੀਤ ਸਿੰਘ, ਕਾਨੂੰਗੋ ਸੁਰੇਸ਼ ਕੁਮਾਰ, ਪ੍ਰਗਰਾਮ ਇਕਬਾਲ ਸਿੰਘ ਆਦਿ ਹਾਜ਼ਰ ਸਨ।