• Thursday, 22 October 2026
Advertisement Advertisement
Ad banner Ad banner
28ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ–2026 ਦੇ ਤਮਗਾ ਜੇਤੂ ਖਿਡਾਰੀਆਂ ਦਾ ਐੱਸ.ਪੀ. ਸੁਖਅਮ੍ਰਿਤ ਸਿੰਘ ਰੰਧਾਵਾ ਵੱਲੋਂ ਸਨਮਾਨ

22 Oct 2026 | 12 Views

28ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ–2026 ਦੇ ਤਮਗਾ ਜੇਤੂ ਖਿਡਾਰੀਆਂ ਦਾ ਐੱਸ.ਪੀ. ਸੁਖਅਮ੍ਰਿਤ ਸਿੰਘ ਰੰਧਾਵਾ ਵੱਲੋਂ ਸਨਮਾਨ



ਖੇਡਾਂ ਨਾਲ ਜੁੜ ਕੇ ਅਨੁਸ਼ਾਸਨ, ਮਿਹਨਤ ਅਤੇ ਲਗਨ ਨੂੰ ਜੀਵਨ ਦਾ ਹਿੱਸਾ ਬਣਾਉਣ ਨੌਜਵਾਨ: ਐੱਸ.ਪੀ. ਰੰਧਾਵਾ

ਪੁਲਿਸ ਲਾਈਨ ਸੰਗਰੂਰ ਵਿਖੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ

ਸੰਗਰੂਰ, 22 ਅਕਤੂਬਰ:

ਜ਼ਿਲ੍ਹਾ ਪੁਲਿਸ ਸੰਗਰੂਰ ਦੇ ਕਪਤਾਨ ਪੁਲਿਸ (ਹੈੱਡਕੁਆਰਟਰ) ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐੱਸ., ਵੱਲੋਂ ਅੱਜ ਪੁਲਿਸ ਲਾਈਨ ਸੰਗਰੂਰ ਵਿਖੇ 28ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ–2026 ਵਿੱਚ ਤਮਗੇ ਜਿੱਤਣ ਵਾਲੇ ਬੱਚਿਆਂ ਅਤੇ ਹੋਰ ਭਾਗੀਦਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਐੱਸ.ਪੀ. ਰੰਧਾਵਾ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡ ਮੈਦਾਨ ਵਿੱਚ ਸਿੱਖੇ ਅਨੁਸ਼ਾਸਨ, ਸਮੇਂ ਦੀ ਕਦਰ, ਲਗਾਤਾਰ ਅਭਿਆਸ ਅਤੇ ਖੇਡ ਭਾਵਨਾ ਵਰਗੇ ਗੁਣ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧਣ ਲਈ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਛੋਟੀ ਉਮਰ ਤੋਂ ਖੇਡਾਂ ਨਾਲ ਜੁੜੇ ਬੱਚੇ ਆਪਣੀ ਊਰਜਾ ਨੂੰ ਉਸਾਰੂ ਦਿਸ਼ਾ ਵਿੱਚ ਲਗਾ ਕੇ ਸਮਾਜ ਲਈ ਪ੍ਰੇਰਨਾ ਬਣ ਸਕਦੇ ਹਨ।

ਉਨ੍ਹਾਂ ਬੱਚਿਆਂ ਨੂੰ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਆਪਣੀ ਖੇਡ ਨੂੰ ਹੋਰ ਨਿਖਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਫ਼ਲਤਾ ਲਈ ਨਿਰੰਤਰ ਅਭਿਆਸ ਅਤੇ ਦ੍ਰਿੜ੍ਹ ਇਰਾਦਾ ਬੇਹੱਦ ਜ਼ਰੂਰੀ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਉਨ੍ਹਾਂ ਮਾਪਿਆਂ ਅਤੇ ਕੋਚਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਪਛਾਣ ਕੇ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਅਤੇ ਉਤਸ਼ਾਹ ਦੇਣਾ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਤੂ ਖਿਡਾਰੀਆਂ ਦਾ ਸਨਮਾਨ ਹੋਰਨਾਂ ਬੱਚਿਆਂ ਨੂੰ ਵੀ ਖੇਡਾਂ ਵਿੱਚ ਭਾਗ ਲੈਣ ਅਤੇ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਜ਼ਿਕਰਯੋਗ ਹੈ ਕਿ ਸੁਖਅਮ੍ਰਿਤ ਸਿੰਘ ਰੰਧਾਵਾ ਖ਼ੁਦ ਵੀ ਫੁੱਟਬਾਲ ਅਤੇ ਹਾਕੀ ਦੇ ਖਿਡਾਰੀ ਰਹੇ ਹਨ। ਉਨ੍ਹਾਂ ਸਖ਼ਤ ਮਿਹਨਤ ਅਤੇ ਲਗਨ ਨਾਲ ਪੁਲਿਸ ਵਿਭਾਗ ਵਿੱਚ ਉੱਚ ਅਹੁਦਾ ਹਾਸਲ ਕੀਤਾ ਹੈ। ਉਨ੍ਹਾਂ ਦੇ ਪਿਤਾ ਵੀ ਪੁਲਿਸ ਵਿਭਾਗ ਵਿੱਚੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਹਨ। ਸ੍ਰ ਰੰਧਾਵਾ ਕਪਤਾਨ ਪੁਲਿਸ (ਹੈੱਡਕੁਆਰਟਰ) ਵਜੋਂ ਉਹ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ, ਸ਼ਿਕਾਇਤਾਂ ਦੇ ਨਿਪਟਾਰੇ ਅਤੇ ਜਨਤਾ ਨਾਲ ਤਾਲਮੇਲ ਮਜ਼ਬੂਤ ਕਰਨ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
 
 

Categories: Punjab

Tags: Local

Published on: 22 Oct 2026

Guraashish Singh Dhaliwal
Mobile N/A
📣 Share this post

Latest News