ਚੰਡੀਗੜ੍ਹ, 15 ਜੁਲਾਈ: ਪੰਜਾਬ ਵਿੱਚ ਹਾਈਵੇਅ ਰਾਹੀਂ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਸੂਬੇ ਦੇ ਅੱਠ ਟੋਲ ਪਲਾਜ਼ਿਆਂ ’ਤੇ ਟੋਲ ਟੈਕਸ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ, ਜਿਸ ਕਾਰਨ ਨਿੱਜੀ ਕਾਰਾਂ, ਹਲਕੇ ਮੋਟਰ ਵਾਹਨਾਂ, ਬੱਸਾਂ ਅਤੇ ਟਰੱਕਾਂ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਟੋਲ ਅਦਾ ਕਰਨਾ ਪਵੇਗਾ।
ਇਸ ਵਾਰ ਦਾ ਵਾਧਾ ਲਗਭਗ ਚਾਰ ਮਹੀਨਿਆਂ ਦੇ ਅੰਦਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ 2026 ਨੂੰ ਵੀ ਟੋਲ ਦਰਾਂ ਵਿੱਚ ਸੋਧ ਕੀਤੀ ਗਈ ਸੀ। ਨਵੀਆਂ ਦਰਾਂ ਅਨੁਸਾਰ ਨਿੱਜੀ ਕਾਰਾਂ ਅਤੇ ਹਲਕੇ ਵਾਹਨਾਂ ਲਈ ਟੋਲ ਫੀਸ ਵਿੱਚ ₹5 ਤੋਂ ₹10 ਤੱਕ ਦਾ ਵਾਧਾ ਕੀਤਾ ਗਿਆ ਹੈ, ਜਦਕਿ ਬੱਸਾਂ, ਟਰੱਕਾਂ ਅਤੇ ਹੋਰ ਵਪਾਰਕ ਵਾਹਨਾਂ ਲਈ ਵੀ ਸੋਧੀਆਂ ਹੋਈਆਂ ਦਰਾਂ ਲਾਗੂ ਹੋ ਗਈਆਂ ਹਨ।
ਇਹ ਵਾਧਾ ਘੁਲਾਲ, ਕੋਟ ਕਰੋੜ, ਕਾਲਾ ਟਿੱਬਾ, ਸ਼ੇਖੂਪੁਰਾ, ਲਹਿਰਾਬੇਗਾ, ਖੁਈਆਂ ਸਰਵਰ, ਕਾਲਾਝਾੜ ਅਤੇ ਪੈਂਦ ਟੋਲ ਪਲਾਜ਼ਿਆਂ ’ਤੇ ਲਾਗੂ ਹੋਵੇਗਾ। ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਰੂਟਾਂ ’ਤੇ ਯਾਤਰਾ ਕਰਨ ਵਾਲੇ ਲੋਕਾਂ ’ਤੇ ਇਸ ਦਾ ਸਿੱਧਾ ਅਸਰ ਪਵੇਗਾ।
ਨਵੀਆਂ ਟੋਲ ਦਰਾਂ ਲਾਗੂ ਹੋਣ ਨਾਲ ਹਾਈਵੇਅ ਸਫ਼ਰ ਦੀ ਲਾਗਤ ਵਧੇਗੀ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਯਾਤਰੀਆਂ ਅਤੇ ਵਪਾਰਕ ਵਾਹਨ ਚਾਲਕਾਂ ਨੂੰ ਵਾਧੂ ਖਰਚਾ ਝੱਲਣਾ ਪਵੇਗਾ।