ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 8 ਜੁਲਾਈ: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਵੱਲੋਂ 9 ਜੁਲਾਈ ਨੂੰ ਬਲਾਕ ਗਿੱਦੜਬਾਹਾ ਦੇ ਪਿੰਡ ਦੋਦਾ ਅਤੇ ਮੱਲਣ ਵਿੱਚ ਡਾਕੂਮੈਂਟਰੀ ਸ਼ੋਅ ਕਰਵਾਏ ਜਾਣਗੇ। ਇਸ ਉਪਰਾਲੇ ਦਾ ਮਕਸਦ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫ਼ੇ ਅਤੇ ਸਮਾਨਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਡਾਕੂਮੈਂਟਰੀ ਵੈਨ ਹਰ ਰੋਜ਼ ਦੋ ਪਿੰਡਾਂ ਦਾ ਦੌਰਾ ਕਰੇਗੀ। ਪਹਿਲਾ ਸ਼ੋਅ ਸ਼ਾਮ 6:00 ਵਜੇ ਅਤੇ ਦੂਜਾ ਸ਼ੋਅ 7:30 ਵਜੇ ਸ਼ੁਰੂ ਹੋਵੇਗਾ।
ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਪਿੰਡ ਦੋਦਾ ਅਤੇ ਮੱਲਣ, 10 ਜੁਲਾਈ ਨੂੰ ਭਲਾਈਆਣਾ ਅਤੇ ਸਾਹਿਬ ਚੰਦ, 11 ਜੁਲਾਈ ਨੂੰ ਚੋਟੀਆਂ ਅਤੇ ਕੋਟਭਾਈ (ਕੋਠੇ ਦਸ਼ਮੇਸ਼ ਨਗਰ), ਜਦਕਿ 12 ਜੁਲਾਈ ਨੂੰ ਕੋਟਭਾਈ ਅਤੇ ਕੋਟਭਾਈ (ਕੋਠੇ ਹਿੰਮਤਪੂਰਾ) ਵਿੱਚ ਇਹ ਡਾਕੂਮੈਂਟਰੀ ਸ਼ੋਅ ਦਿਖਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਕਰੀਬ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਭਗਤੀ, ਬਰਾਬਰੀ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਡਾਕੂਮੈਂਟਰੀ ਵੈਨ ਦੇ ਆਪਣੇ ਪਿੰਡ ਪਹੁੰਚਣ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਸ ਵਿਲੱਖਣ ਅਤੇ ਪ੍ਰੇਰਣਾਦਾਇਕ ਉਪਰਾਲੇ ਦਾ ਲਾਭ ਉਠਾਇਆ ਜਾਵੇ।