35 ਨਾਕਿਆਂ ’ਤੇ ਸਖ਼ਤ ਚੈਕਿੰਗ, 400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ; ਸ਼ਰਾਰਤੀ ਅਨਸਰਾਂ ’ਤੇ ਰੱਖੀ ਗਈ ਵਿਸ਼ੇਸ਼ ਨਜ਼ਰ
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ: ਪੰਜਾਬ ਦੇ ਡੀ.ਜੀ.ਪੀ. ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐਸ.ਐਸ.ਪੀ. ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ. ਦੀ ਅਗਵਾਈ ਹੇਠ ਪੁਲਿਸ ਵੱਲੋਂ ਵਿਸ਼ੇਸ਼ ਹਾਈਟੈਕ ਨਾਈਟ ਆਪ੍ਰੇਸ਼ਨ ਚਲਾਇਆ ਗਿਆ। ਇਸ ਆਪ੍ਰੇਸ਼ਨ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਜ਼ਿਲ੍ਹੇ ਵਿੱਚ ਲਗਾਏ ਗਏ ਹਰੇਕ ਨਾਕੇ ’ਤੇ ਆਨਲਾਈਨ ਸਟੈਂਡਿੰਗ ਹਾਈਟੈਕ ਕੈਮਰੇ ਲਗਾਏ ਗਏ, ਜਿਨ੍ਹਾਂ ਰਾਹੀਂ ਨਾਕਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਗਈ। ਇਨ੍ਹਾਂ ਕੈਮਰਿਆਂ ਦੀ ਲਾਈਵ ਫੁਟੇਜ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਕੰਟਰੋਲ ਰੂਮ ਵਿੱਚ ਦੇਖੀ ਜਾ ਰਹੀ ਸੀ, ਤਾਂ ਜੋ ਨਾਕਿਆਂ ’ਤੇ ਚੱਲ ਰਹੀ ਚੈਕਿੰਗ ਅਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦੀ ਨਿਗਰਾਨੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇ।
ਐਸ.ਐਸ.ਪੀ. ਸ੍ਰੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਤ 8 ਵਜੇ ਤੋਂ ਸ਼ੁਰੂ ਹੋਇਆ ਇਹ ਵਿਸ਼ੇਸ਼ ਆਪ੍ਰੇਸ਼ਨ ਪੂਰੀ ਰਾਤ ਜਾਰੀ ਰਿਹਾ। ਇਸ ਦੌਰਾਨ ਜ਼ਿਲ੍ਹੇ ਦੀਆਂ ਚਾਰ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਵਿਸ਼ੇਸ਼ ਨਾਕਾਬੰਦੀ, ਸਰਚ ਆਪ੍ਰੇਸ਼ਨ ਅਤੇ ਚੈਕਿੰਗ ਮੁਹਿੰਮ ਚਲਾਈ ਗਈ। ਜ਼ਿਲ੍ਹੇ ਭਰ ਵਿੱਚ ਕੁੱਲ 35 ਨਾਕੇ ਲਗਾਏ ਗਏ, ਜਿਨ੍ਹਾਂ ’ਤੇ ਹਰੇਕ ਨਾਕੇ ’ਤੇ ਤਕਰੀਬਨ 10 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਸ ਮੁਹਿੰਮ ਵਿੱਚ 01 ਐਸ.ਪੀ., 06 ਡੀ.ਐਸ.ਪੀ. ਅਤੇ 400 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ।
ਹਰ ਨਾਕੇ ’ਤੇ ਹਾਈਟੈਕ ਕੈਮਰੇ, ਸੀਨੀਅਰ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ
ਇਸ ਵਿਸ਼ੇਸ਼ ਆਪ੍ਰੇਸ਼ਨ ਤਹਿਤ ਪੁਲਿਸ ਵੱਲੋਂ ਰਵਾਇਤੀ ਚੈਕਿੰਗ ਦੇ ਨਾਲ-ਨਾਲ ਆਧੁਨਿਕ ਤਕਨੀਕ ਦੀ ਵਰਤੋਂ ਨੂੰ ਵੀ ਤਰਜੀਹ ਦਿੱਤੀ ਗਈ। ਹਰੇਕ ਨਾਕੇ ’ਤੇ ਸਟੈਂਡਿੰਗ ਹਾਈਟੈਕ ਕੈਮਰੇ ਲਗਾ ਕੇ ਉਨ੍ਹਾਂ ਨੂੰ ਆਨਲਾਈਨ ਨਿਗਰਾਨੀ ਪ੍ਰਣਾਲੀ ਨਾਲ ਜੋੜਿਆ ਗਿਆ, ਜਿਸ ਦੀ ਫੁਟੇਜ ਸੀਨੀਅਰ ਅਧਿਕਾਰੀਆਂ ਅਤੇ ਕੰਟਰੋਲ ਰੂਮ ਵਿੱਚ ਲਗਾਤਾਰ ਦੇਖੀ ਜਾ ਰਹੀ ਸੀ।
ਇਸ ਦਾ ਮੁੱਖ ਉਦੇਸ਼ ਨਾਕਿਆਂ ’ਤੇ ਹੋ ਰਹੀ ਚੈਕਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ, ਪੁਲਿਸ ਦੀ ਕਾਰਵਾਈ ਵਿੱਚ ਪਾਰਦਰਸ਼ਤਾ ਕਾਇਮ ਰੱਖਣਾ ਅਤੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਅਤੇ ਕਾਰਗੁਜ਼ਾਰੀ ਦੀ ਨਿਗਰਾਨੀ ਕਰਨਾ ਸੀ। ਇਸ ਨਾਲ ਨਾਕਿਆਂ ਦੀ ਕਾਰਵਾਈ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਸ਼ੱਕੀ ਗਤੀਵਿਧੀਆਂ ਪ੍ਰਤੀ ਪੁਲਿਸ ਨੂੰ ਹੋਰ ਚੌਕਸ ਰੱਖਣ ਵਿੱਚ ਮਦਦ ਮਿਲੀ।
ਇਸ ਮੌਕੇ ਐਸ.ਪੀ. (ਡੀ.) ਸ੍ਰੀ ਅਸ਼ੋਕ ਮੀਨਾ, ਆਈ.ਪੀ.ਐੱਸ. ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਚੈਕਿੰਗ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਟੀਮਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਜਨਤਕ ਥਾਵਾਂ ’ਤੇ ਵਿਸ਼ੇਸ਼ ਚੈਕਿੰਗ
ਆਪ੍ਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਮੁੱਖ ਸੜਕਾਂ, ਬਾਜ਼ਾਰਾਂ, ਗਲੀ-ਮੁਹੱਲਿਆਂ, ਪਾਰਕਾਂ, ਰਿਜ਼ੋਰਟਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਅੰਤਰਰਾਜੀ ਅਤੇ ਰਾਜ ਦੀਆਂ ਹੱਦਾਂ ਨਾਲ ਲੱਗਦੇ ਨਾਕਿਆਂ ’ਤੇ ਵੀ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਦਿਆਂ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਪੀ.ਸੀ.ਆਰ. ਅਤੇ ਮੋਟਰਸਾਈਕਲ ਪੁਲਿਸ ਟੀਮਾਂ ਵੱਲੋਂ ਰਾਤ ਸਮੇਂ ਲਗਾਤਾਰ ਗਸ਼ਤ ਅਤੇ ਫਲੈਗ ਮਾਰਚ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ ਗਈ। ਪੁਲਿਸ ਵੱਲੋਂ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਚੌਕਸੀ ਵਰਤੀ ਗਈ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ-ਸ਼ਾਂਤੀ ਭੰਗ ਕਰਨ ਜਾਂ ਕਿਸੇ ਗੈਰ-ਕਾਨੂੰਨੀ ਗਤੀਵਿਧੀ ਨੂੰ ਅੰਜਾਮ ਦੇਣ ਦਾ ਮੌਕਾ ਨਾ ਮਿਲੇ।
ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਅਤੇ ਸ਼ੱਕੀ ਵਿਅਕਤੀਆਂ ਦੀ ਤਸਦੀਕ
ਰੇਲਵੇ ਸਟੇਸ਼ਨਾਂ ’ਤੇ ਪੁਲਿਸ ਟੀਮਾਂ ਵੱਲੋਂ ਯਾਤਰੀਆਂ ਦੇ ਸਮਾਨ ਦੀ ਜਾਂਚ, ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਅਤੇ ਜੀ.ਆਰ.ਪੀ. ਨਾਲ ਤਾਲਮੇਲ ਕਰਕੇ ਲੋੜ ਅਨੁਸਾਰ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ PAIS ਐਪ ਦੀ ਮਦਦ ਨਾਲ ਕਈ ਵਿਅਕਤੀਆਂ ਦੇ ਪੁਲਿਸ ਰਿਕਾਰਡ ਦੀ ਮੌਕੇ ’ਤੇ ਜਾਂਚ ਅਤੇ ਤਸਦੀਕ ਵੀ ਕੀਤੀ ਗਈ।
ਸ਼ੱਕੀ ਅਤੇ ਲਾਵਾਰਿਸ ਵਾਹਨਾਂ ਦੀ ਜਾਂਚ
ਜਨਤਕ ਥਾਵਾਂ, ਬੱਸ ਸਟੈਂਡਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੇ ਨੇੜੇ ਲੰਬੇ ਸਮੇਂ ਤੋਂ ਖੜ੍ਹੇ ਲਾਵਾਰਿਸ ਅਤੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਵਾਹਨ ਐਪ ਦੀ ਮਦਦ ਨਾਲ ਵਾਹਨਾਂ ਦੇ ਰਜਿਸਟ੍ਰੇਸ਼ਨ ਵੇਰਵਿਆਂ ਦੀ ਤਸਦੀਕ ਕੀਤੀ ਗਈ, ਤਾਂ ਜੋ ਕਿਸੇ ਵੀ ਸ਼ੱਕੀ ਵਾਹਨ ਦੀ ਸੰਭਾਵਿਤ ਅਪਰਾਧਿਕ ਗਤੀਵਿਧੀ ਨਾਲ ਸਬੰਧਿਤ ਹੋਣ ਦੀ ਜਾਂਚ ਕੀਤੀ ਜਾ ਸਕੇ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ
ਵੱਖ-ਵੱਖ ਨਾਕਿਆਂ ’ਤੇ ਵਾਹਨਾਂ ਦੀ ਤਲਾਸ਼ੀ, ਦਸਤਾਵੇਜ਼ਾਂ ਦੀ ਜਾਂਚ ਅਤੇ ਨੰਬਰ ਪਲੇਟਾਂ ਦੀ ਪੜਤਾਲ ਕੀਤੀ ਗਈ। ਬਿਨਾਂ ਨੰਬਰ ਪਲੇਟ ਵਾਲੇ, ਮੋਡੀਫਾਈਡ ਸਿਲੈਂਸਰ ਲਗਾ ਕੇ ਸ਼ੋਰ ਪੈਦਾ ਕਰਨ ਵਾਲੇ, ਡਿਮ ਲਾਈਟਾਂ ਵਾਲੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਗਈ।
ਸ਼ਰਾਰਤੀ ਅਨਸਰਾਂ ਨੂੰ ਸਪੱਸ਼ਟ ਸੰਦੇਸ਼—ਪੁਲਿਸ ਹਰ ਸਮੇਂ ਚੌਕਸ
ਐਸ.ਐਸ.ਪੀ. ਸ੍ਰੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਵੱਲੋਂ ਦਿਨ-ਰਾਤ ਯੋਜਨਾਬੱਧ ਢੰਗ ਨਾਲ ਨਾਕਾਬੰਦੀ, ਗਸ਼ਤ, ਸਰਚ ਆਪ੍ਰੇਸ਼ਨ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਨਾਕਿਆਂ ਦੀ ਨਿਗਰਾਨੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ, ਤਾਂ ਜੋ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਬਣੀ ਰਹੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਭੰਗ ਕਰਨ, ਕਾਨੂੰਨ ਵਿਵਸਥਾ ਵਿੱਚ ਵਿਘਨ ਪਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਾਲ-ਨਾਲ ਸ਼ੱਕੀ ਗਤੀਵਿਧੀਆਂ ’ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਐਸ.ਐਸ.ਪੀ. ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਜ਼ਿਲ੍ਹੇ ਵਿੱਚ ਸ਼ਾਂਤਮਈ ਮਾਹੌਲ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਅਜਿਹੇ ਆਪ੍ਰੇਸ਼ਨ ਅੱਗੇ ਵੀ ਲੋੜ ਅਨੁਸਾਰ ਜਾਰੀ ਰਹਿਣਗੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ, ਵਾਹਨ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।