ਬੇਲੀਆ ਦੇ ਮੰਦਿਰ ਵਿਖੇ ਸੰਗਤ ਨਾਲ ਬੈਠ ਕੇ ਹਰਜੋਤ ਸਿੰਘ ਬੈਂਸ ਨੇ ਕੀਤਾ ਹਨੂੰਮਾਨ ਚਾਲੀਸਾ ਦਾ ਜਾਪ
ਧਾਰਮਿਕ ਅਸਥਾਨਾਂ ’ਤੇ ਪਹੁੰਚ ਕੇ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ- ਬੈਂਸ
ਕੀਰਤਪੁਰ ਸਾਹਿਬ 30 ਸਤੰਬਰ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਜਰੰਗ ਬਲੀ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਸੰਕਲਪ ਲਿਆ ਗਿਆ ਹੈ। ਇਸ ਸੰਕਲਪ ਤਹਿਤ ਉਹ 21 ਮੰਗਲਵਾਰਾਂ ਨੂੰ 21 ਵੱਖ-ਵੱਖ ਪਿੰਡਾਂ ਵਿੱਚ ਸਥਿਤ ਮੰਦਿਰਾਂ ਵਿੱਚ ਨਤਮਸਤਕ ਹੋਣਗੇ ਅਤੇ ਇਲਾਕੇ ਦੀ ਖੁਸ਼ਹਾਲੀ, ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨਗੇ। ਇਸੇ ਲੜੀ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੇਲੀਆ ਵਿਖੇ ਸਥਿਤ ਮੰਦਿਰ ਵਿੱਚ ਪਹੁੰਚ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਦੇਸ਼, ਪੰਜਾਬ ਅਤੇ ਇਲਾਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਮੰਦਿਰ ਵਿਖੇ ਮੌਜੂਦ ਸੰਗਤ ਨਾਲ ਬੈਠ ਕੇ ਹਨੂੰਮਾਨ ਚਾਲੀਸਾ ਦਾ ਜਾਪ ਵੀ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਅਧਿਆਤਮਿਕ ਸਥਾਨ ਸਾਨੂੰ ਸੇਵਾ, ਸਦਭਾਵਨਾ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਸੰਤਾਂ ਦੀ ਧਰਤੀ ਹੈ, ਜਿੱਥੇ ਹਰ ਧਰਮ ਅਤੇ ਵਰਗ ਦੇ ਲੋਕ ਆਪਸੀ ਭਾਈਚਾਰੇ ਅਤੇ ਸਾਂਝ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਅਤੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਜਿਹੇ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਣਾ ਉਨ੍ਹਾਂ ਲਈ ਆਤਮਿਕ ਸੰਤੁਸ਼ਟੀ ਦਾ ਵਿਸ਼ਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੰਕਲਪ ਕਿਸੇ ਇੱਕ ਵਿਅਕਤੀ ਜਾਂ ਵਰਗ ਤੱਕ ਸੀਮਤ ਨਹੀਂ, ਸਗੋਂ ਸਮੂਹ ਪੰਜਾਬ ਵਾਸੀਆਂ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ, ਭਾਈਚਾਰਾ ਅਤੇ ਆਪਸੀ ਪਿਆਰ ਦੀ ਭਾਵਨਾ ਹੋਰ ਮਜ਼ਬੂਤ ਹੋਵੇ ਅਤੇ ਸੂਬਾ ਹਰ ਖੇਤਰ ਵਿੱਚ ਤਰੱਕੀ ਕਰੇ, ਇਹੀ ਉਨ੍ਹਾਂ ਦੀ ਕਾਮਨਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਆਪਣੀ ਵਿਰਾਸਤ ਅਤੇ ਧਾਰਮਿਕ ਸੱਭਿਆਚਾਰ ਨਾਲ ਜੁੜਨ ਦੇ ਨਾਲ-ਨਾਲ ਸਮਾਜ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਸ ਮੌਕੇ ਮੰਦਿਰ ਵਿੱਚ ਮੌਜੂਦ ਸੰਗਤ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਵਾਗਤ ਕੀਤਾ ਗਿਆ। ਸੰਗਤ ਨੇ ਉਨ੍ਹਾਂ ਨਾਲ ਮਿਲ ਕੇ ਹਨੂੰਮਾਨ ਚਾਲੀਸਾ ਦਾ ਜਾਪ ਕੀਤਾ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 21 ਮੰਗਲਵਾਰਾਂ ਅਤੇ 21 ਪਿੰਡਾਂ ਦਾ ਇਹ ਸੰਕਲਪ ਉਨ੍ਹਾਂ ਲਈ ਸ਼ਰਧਾ ਅਤੇ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਮੰਗਲਵਾਰਾਂ ਨੂੰ ਵੀ ਵੱਖ-ਵੱਖ ਪਿੰਡਾਂ ਵਿੱਚ ਸਥਿਤ ਮੰਦਰਾਂ ਵਿੱਚ ਪਹੁੰਚ ਕੇ ਸੰਗਤ ਨਾਲ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਰਹਿਣਗੇ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਆਪ ਵਰਕਰ ਹਾਜ਼ਰ ਸਨ।
Punjab