ਸ੍ਰੀ ਮੁਕਤਸਰ ਸਾਹਿਬ, 13 ਸਤੰਬਰ 2026:
ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ. ਦੀ ਰਹਿਨੁਮਾਈ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ “ਸੰਪਰਕ” ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ ਜਨਤਾ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਵਿਸ਼ੇਸ਼ ਜਨ-ਸੰਪਰਕ ਮੀਟਿੰਗਾਂ ਅਤੇ ਸੈਮੀਨਾਰ ਕਰਵਾਏ ਗਏ।
ਇਹ ਮੁਹਿੰਮ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ—ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ—ਵਿੱਚ ਵੱਖ-ਵੱਖ ਥਾਣਿਆਂ ਅਤੇ ਪੁਲਿਸ ਚੌਕੀਆਂ ਦੇ ਅਧੀਨ ਪੈਂਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਚਲਾਈ ਗਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਿੱਧਾ ਸੰਪਰਕ ਵਧਾਉਣਾ, ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨਾ ਅਤੇ ਨਸ਼ਿਆਂ ਤੇ ਅਪਰਾਧ ਵਿਰੁੱਧ ਸਾਂਝੀ ਲੜਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।
ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਸ੍ਰੀ ਅਸ਼ੋਕ ਮੀਨਾ, ਆਈ.ਪੀ.ਐੱਸ., ਐੱਸ.ਪੀ. (ਡੀ.) ਦੀ ਨਿਗਰਾਨੀ ਹੇਠ ਸ੍ਰੀ ਬਚਨ ਸਿੰਘ, ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਜਤਿੰਦਰ ਸਿੰਘ, ਡੀ.ਐੱਸ.ਪੀ. ਗਿੱਦੜਬਾਹਾ, ਸ੍ਰੀ ਜਸਪਾਲ ਸਿੰਘ, ਡੀ.ਐੱਸ.ਪੀ. ਮਲੋਟ ਅਤੇ ਸ੍ਰੀ ਹਰਬੰਸ ਸਿੰਘ, ਡੀ.ਐੱਸ.ਪੀ. ਲੰਬੀ ਵੱਲੋਂ ਸਾਂਝ ਕੇਂਦਰ ਇੰਚਾਰਜ ਇੰਸਪੈਕਟਰ ਇੰਦਰਜੀਤ ਕੌਰ ਅਤੇ ਸਟਾਫ਼ ਸਮੇਤ ਵੱਖ-ਵੱਖ ਥਾਵਾਂ ’ਤੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਇਸ ਦੌਰਾਨ ਲੋਕਾਂ ਨਾਲ ਖੁੱਲ੍ਹਾ ਸੰਵਾਦ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਤੇ ਸਮੱਸਿਆਵਾਂ ਸੁਣੀਆਂ ਗਈਆਂ। ਪੁਲਿਸ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਹਰ ਸੰਭਵ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਨਸ਼ਿਆਂ ਅਤੇ ਅਪਰਾਧ ਵਿਰੁੱਧ ਲੋਕਾਂ ਨੂੰ ਕੀਤਾ ਜਾਗਰੂਕ
ਸੈਮੀਨਾਰਾਂ ਦੌਰਾਨ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਨਸ਼ਿਆਂ ਅਤੇ ਅਪਰਾਧ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਦੇ ਨਾਲ-ਨਾਲ ਸਮਾਜ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ।
ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਨਸ਼ਾ ਤਸਕਰੀ, ਕਿਸੇ ਸ਼ੱਕੀ ਗਤੀਵਿਧੀ ਜਾਂ ਕਿਸੇ ਹੋਰ ਅਪਰਾਧ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸਾਂਝੀ ਕਰਨ। ਪੁਲਿਸ ਵੱਲੋਂ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ।
ਨਸ਼ਾ ਛੱਡਣ ਵਾਲਿਆਂ ਨੂੰ ਡੀ-ਐਡਿਕਸ਼ਨ ਸਹੂਲਤਾਂ ਬਾਰੇ ਜਾਣਕਾਰੀ
ਮੀਟਿੰਗਾਂ ਦੌਰਾਨ ਨਸ਼ਾ ਛੱਡਣ ਦੇ ਇੱਛੁਕ ਵਿਅਕਤੀਆਂ ਨੂੰ ਸਰਕਾਰ ਵੱਲੋਂ ਉਪਲਬਧ ਕੌਂਸਲਿੰਗ ਅਤੇ ਡੀ-ਐਡਿਕਸ਼ਨ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਨਸ਼ਾ ਮੁਕਤ ਜੀਵਨ ਵੱਲ ਵਧਣ ਲਈ ਪ੍ਰੇਰਿਤ ਕੀਤਾ ਗਿਆ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਅਤੇ ਪੁਲਿਸ ਵਿਚਕਾਰ ਮਜ਼ਬੂਤ ਤਾਲਮੇਲ ਨਾਲ ਨਸ਼ਿਆਂ ਅਤੇ ਅਪਰਾਧ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਜਨ-ਸੰਪਰਕ
“ਸੰਪਰਕ” ਪ੍ਰੋਗਰਾਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਸੁਸਾਇਟੀਆਂ, ਵਪਾਰ ਮੰਡਲਾਂ, ਯੂਥ ਕਲੱਬਾਂ, ਮਹਿਲਾ ਸਮੂਹਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨਾਲ ਨਿਯਮਿਤ ਜਨ-ਸੰਪਰਕ ਮੀਟਿੰਗਾਂ ਕੀਤੀਆਂ ਜਾਣਗੀਆਂ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਸ਼ਿਆਂ, ਅਪਰਾਧ ਜਾਂ ਕਿਸੇ ਵੀ ਸ਼ੱਕੀ ਗਤੀਵਿਧੀ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਇਸ ਲਈ ਹੈਲਪਲਾਈਨ ਨੰਬਰ 8054942100 ਜਾਂ 112 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਾਣਕਾਰੀ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ।