ਬਠਿੰਡਾ, 10 ਸਤੰਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਸਹੂਲਤਾਂ ਨਾਲ ਜੋੜਨ ਲਈ ਹਰੇਕ ਕਿਸਾਨ ਦੀ ਫਾਰਮਰ ਰਜਿਸਟਰੀ ਕੀਤੀ ਜਾ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਆਪਣੀ ਫਾਰਮਰ ਰਜਿਸਟਰੀ ਜ਼ਰੂਰ ਬਣਵਾਉਣ ਦੀ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਅਤੇ ਹੋਰ ਖੇਤੀਬਾੜੀ ਸਬੰਧੀ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ ਅਹਿਮ ਹੋਵੇਗੀ। ਇਸ ਲਈ ਕਿਸਾਨ ਸਮੇਂ ਸਿਰ ਆਪਣੀ ਰਜਿਸਟਰੀ ਕਰਵਾਉਣ ਨੂੰ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ ਜਿਸ ਕਿਸਾਨ ਦੇ ਨਾਮ ’ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਸ ਲਈ ਫਾਰਮਰ ਰਜਿਸਟਰੀ ਬਣਵਾਉਣਾ ਜ਼ਰੂਰੀ ਹੈ। ਫਾਰਮਰ ਰਜਿਸਟਰੀ ਲਈ ਜ਼ਮੀਨ ਦੀ ਮਾਤਰਾ ਸਬੰਧੀ ਕੋਈ ਸ਼ਰਤ ਨਹੀਂ ਹੈ। ਕਿਸੇ ਕਿਸਾਨ ਕੋਲ ਘੱਟ ਜ਼ਮੀਨ ਹੋਵੇ ਜਾਂ ਵੱਧ, ਉਹ ਆਪਣੀ ਫਾਰਮਰ ਰਜਿਸਟਰੀ ਬਣਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਕਿਸਾਨ ਖੇਤੀਬਾੜੀ ਦੇ ਨਾਲ ਕੋਈ ਕਾਰੋਬਾਰ ਕਰਦਾ ਹੈ ਜਾਂ ਨੌਕਰੀ ਕਰਦਾ ਹੈ, ਤਾਂ ਵੀ ਉਹ ਫਾਰਮਰ ਰਜਿਸਟਰੀ ਬਣਵਾਉਣ ਲਈ ਯੋਗ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਦੇ ਜਿਨ੍ਹਾਂ-ਜਿਨ੍ਹਾਂ ਮੈਂਬਰਾਂ ਦੇ ਨਾਮ ’ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਨ੍ਹਾਂ ਸਾਰਿਆਂ ਦੀ ਵੱਖ-ਵੱਖ ਫਾਰਮਰ ਰਜਿਸਟਰੀ ਬਣਵਾਈ ਜਾਵੇ। ਸਿਰਫ਼ ਪਰਿਵਾਰ ਦੇ ਇੱਕ ਮੈਂਬਰ ਦੀ ਰਜਿਸਟਰੀ ਬਣਵਾਉਣਾ ਕਾਫ਼ੀ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਜਿਸ-ਜਿਸ ਵਿਅਕਤੀ ਦੇ ਨਾਮ ’ਤੇ ਖੇਤੀਯੋਗ ਜ਼ਮੀਨ ਦਰਜ ਹੈ, ਉਸ ਦੀ ਫਾਰਮਰ ਰਜਿਸਟਰੀ ਬਣਾਉਣੀ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਸਰਕਾਰੀ ਸਹੂਲਤਾਂ ਅਤੇ ਖੇਤੀਬਾੜੀ ਸਬੰਧੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।