• Wednesday, 13 May 2026
Advertisement Advertisement
Ad banner Ad banner
ਰਾਸ਼ਨ ਡਿਪੂਆਂ ‘ਤੇ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਿਖਣਾ ਲਾਜ਼ਮੀ : ਜਸਵੀਰ ਸਿੰਘ ਸੇਖੋਂ

12 May 2026 | 11 Views

ਰਾਸ਼ਨ ਡਿਪੂਆਂ ‘ਤੇ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਿਖਣਾ ਲਾਜ਼ਮੀ : ਜਸਵੀਰ ਸਿੰਘ ਸੇਖੋਂ

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਬਠਿੰਡਾ ਦੌਰੇ ਦੌਰਾਨ ਜ਼ਿਲ੍ਹੇ ਵਿੱਚ ਰਾਸ਼ਨ ਵੰਡ ਪ੍ਰਣਾਲੀ, ਮਿਡ-ਡੇਅ-ਮੀਲ ਸਕੀਮ ਅਤੇ ਆਂਗਣਵਾੜੀ ਕੇਂਦਰਾਂ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਾਰੇ ਰਾਸ਼ਨ ਡਿਪੂਆਂ, ਆਂਗਣਵਾੜੀ ਕੇਂਦਰਾਂ ਅਤੇ ਮਿਡ-ਡੇਅ-ਮੀਲ ਸਥਾਨਾਂ ‘ਤੇ ਪੰਜਾਬ ਰਾਜ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ 98767-64545 ਅਤੇ ਸਾਇਨ ਬੋਰਡ ਲਗਾਉਣਾ ਲਾਜ਼ਮੀ ਬਣਾਇਆ ਜਾਵੇ, ਤਾਂ ਜੋ ਆਮ ਲੋਕ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸਬੰਧੀ ਕਮਿਸ਼ਨ ਨਾਲ ਸਿੱਧਾ ਸੰਪਰਕ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰਾਸ਼ਨ ਡਿਪੂ ਇਹ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੰਚਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

 

ਜਸਵੀਰ ਸਿੰਘ ਸੇਖੋਂ ਨੇ ਖਾਦ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਰਾਸ਼ਨ ਦੀ ਸਮੇਂ-ਸਿਰ ਵੰਡ ਯਕੀਨੀ ਬਣਾਈ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਬਠਿੰਡਾ ਵਿੱਚ 2.13 ਲੱਖ ਰਾਸ਼ਨ ਕਾਰਡ ਧਾਰਕ ਹਨ, ਜਿਨ੍ਹਾਂ ਵਿੱਚੋਂ 88.8 ਫੀਸਦੀ ਦੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਬਾਕੀ ਰਹਿੰਦੇ ਕਾਰਡਾਂ ਦੀ ਈ-ਕੇਵਾਈਸੀ ਦਾ ਕੰਮ ਪਹਿਲ ਦੇ ਆਧਾਰ ‘ਤੇ ਜਲਦੀ ਮੁਕੰਮਲ ਕਰਨ ਲਈ ਵੀ ਅਧਿਕਾਰੀਆਂ ਨੂੰ ਕਿਹਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਆਂਗਣਵਾੜੀ ਸੈਂਟਰਾਂ ਅਤੇ ਸਕੂਲਾਂ ਵਿੱਚ ਬੱਚਿਆਂ ਲਈ ਪੋਸ਼ਟਿਕ ਭੋਜਨ, ਸਾਫ ਪੀਣ ਵਾਲਾ ਪਾਣੀ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ।

 

ਮੀਟਿੰਗ ਦੌਰਾਨ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਨੂੰ ਨਿਰਦੇਸ਼ ਦਿੱਤੇ ਗਏ ਕਿ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਬਗੀਚੀਆਂ ਤਿਆਰ ਕੀਤੀਆਂ ਜਾਣ, ਜਿੱਥੇ ਮੌਸਮੀ ਸਬਜ਼ੀਆਂ ਅਤੇ ਫਲ ਉਗਾ ਕੇ ਉਹਨਾਂ ਦੀ ਵਰਤੋਂ ਬੱਚਿਆਂ ਦੇ ਮਿਡ-ਡੇਅ-ਮੀਲ ਅਤੇ ਪੋਸ਼ਟਿਕ ਭੋਜਨ ਵਿੱਚ ਕੀਤੀ ਜਾ ਸਕੇ। ਉਨ੍ਹਾਂ ਸਿਹਤ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਸਮੇਂ-ਸਿਰ ਟੀਕਾਕਰਨ, ਆਇਰਨ ਸਪਲੀਮੈਂਟ ਅਤੇ ਹੋਰ ਜ਼ਰੂਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਦੇ ਨਾਲ ਹੀ ਮਿਡ-ਡੇਅ-ਮੀਲ ਹੈਲਪਰਾਂ ਅਤੇ ਕੁੱਕ ਬੀਬੀਆਂ ਦਾ ਸਮੇਂ-ਸਮੇਂ ‘ਤੇ ਸਿਹਤ ਚੈੱਕਅਪ ਕਰਵਾਉਣ ਲਈ ਵੀ ਕਿਹਾ ਗਿਆ।

 

ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਖੇਡਣ ਦਾ ਸਮਾਨ, ਸਾਫ਼ ਪਾਣੀ, ਸਮੇਂ ‘ਤੇ ਰਾਸ਼ਨ ਅਤੇ ਘਰੇਲੂ ਬਗੀਚੀ ਵਰਗੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਖਾਣਾ ਖਾਣ ਵਾਲੀਆਂ ਥਾਵਾਂ ਸਾਫ਼-ਸੁਥਰੀਆਂ, ਹਵਾਦਾਰ ਅਤੇ ਸਮਾਨ ਰੱਖਣ ਲਈ ਢੁਕਵੀਆਂ ਹੋਣੀਆਂ ਚਾਹੀਦੀਆਂ ਹਨ। ਦੌਰੇ ਦੌਰਾਨ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਅਤੇ ਆਂਗਣਵਾੜੀ ਕੇਂਦਰ ਰਾਮਨਗਰ (ਮੌੜ) ਦਾ ਨਿਰੀਖਣ ਵੀ ਕੀਤਾ, ਜਿੱਥੇ ਰਾਸ਼ਨ ਅਤੇ ਫੂਡ ਪੈਕਟਾਂ ਦੀ ਜਾਂਚ ਕੀਤੀ ਗਈ। ਦੋਹਾਂ ਥਾਵਾਂ ‘ਤੇ ਕੰਮ ਤਸੱਲੀਬਖ਼ਸ਼ ਪਾਇਆ ਗਿਆ।

Categories: Punjab

Tags: None

Published on: 12 May 2026

Guraashish Singh Dhaliwal
Mobile N/A
📣 Share this post

Latest News