• Saturday, 7 March 2026
Advertisement Advertisement
ਕੀੜੇ ਮਕੌੜਿਆਂ ਦੇ ਸਰਵੇਖਣ ਲਈ 44 ਟੀਮਾਂ ਕਾਰਜਸ਼ੀਲ

06 Mar 2026 | 6 Views

ਕੀੜੇ ਮਕੌੜਿਆਂ ਦੇ ਸਰਵੇਖਣ ਲਈ 44 ਟੀਮਾਂ ਕਾਰਜਸ਼ੀਲ

ਬਠਿੰਡਾ, ਮਾਰਚ 6 : ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਚਿੱਟੀ ਮੱਖੀ ਦੀ ਪਨਾਹਗਾਹ ਨਦੀਨਾਂ ਨੂੰ ਨਸ਼ਟ ਕਰਨ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਅਹਿਮ ਬੈਠਕ ਕੀਤੀ ਗਈ ।

 

          ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਸ਼੍ਰੀ ਰਮਨਜੀਤ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਨਦੀਨ ਨਸ਼ਟ ਮੁਹਿੰਮ ਵਿਚ ਖੇਤੀਬਾੜੀ ਵਿਭਾਗ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਅਤੇ ਕੀਤੀ ਕਾਰਗੁਜ਼ਾਰੀ ਦੀ ਹਫ਼ਤਾਵਾਰੀ ਰਿਪੋਰਟ ਖੇਤੀਬਾੜੀ ਵਿਭਾਗ ਨੂੰ ਭੇਜੀ ਜਾਵੇ।

 

          ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਬਲਕਰਨ ਸਿੰਘ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ, ਸ਼੍ਰੀਮਤੀ ਵੀਰਪਾਲ ਕੌਰ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ, ਸ਼੍ਰੀ ਰਾਕੇਸ਼ ਸ਼ਰਮਾ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ, ਡਾ. ਹਰਬੰਸ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਅਤੇ ਹੋਰਨਾਂ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

 

         ਸ਼੍ਰੀ ਹਰਬੰਸ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਨਵਰੀ 2026 ਤੋਂ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਛਟੀਆਂ ਦਾ ਖਾਤਮਾ ਕਰਨ ਅਤੇ ਜਿੰਨਿੰਗ ਫੈਕਟਰੀਆਂ ਦੀ ਸਫਾਈ ਦੀ ਮੁਹਿੰਮ ਸਬੰਧੀ ਸਪੈਸ਼ਲ ਵਾਹਨ ਚਲਾਕੇ ਆਡਿਉ ਕੈਸਟਾਂ ਰਾਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।

 

         ਉਨ੍ਹਾਂ ਕਿਹਾ ਕਿ ਫ਼ਰਵਰੀ 2026 ਤੋਂ ਚਿੱਟੀ ਮੱਖੀ ਦੇ ਪਨਾਹਗੀਰ ਨਦੀਨ ਨਸ਼ਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਸੇ਼ਸ ਮੁਹਿੰਮ ਚਲਾਕੇ ਨਦੀਨ ਨਸ਼ਟ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਾਹਨ ਚਲਾਕੇ ਆਡਿਉ ਕੈਸਟਾਂ ਰਾਹੀ ਵੀ ਕਿਸਾਨਾਂ ਨੂੰ ਨਦੀਨ ਨਸ਼ਟ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

 

          ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਨਰਮੇ ਦੀ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿੱਚ ਉੱਗੇ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਕਾਂਗਰਸ ਘਾਹ, ਧਤੂਰਾ, ਭੰਗ, ਗੁੱਤ ਪਟਨਾ, ਭੱਖੜਾ, ਇੱਟ ਸਿੱਟ ਆਦਿ 'ਤੇ ਪਲਦੀ ਹੈ। ਇਸ ਲਈ ਚਿੱਟੀ ਮੱਖੀ ਨੂੰ ਕੰਟਰੋਲ ਕਰਨ ਲਈ ਉਪਰੋਕਤ ਨਦੀਨਾਂ ਨੂੰ ਨਸ਼ਟ ਕਰਨਾ ਬਹੁਤ ਜਰੂਰੀ ਹੈ। ਅਜਿਹਾ ਕਰਨ ਨਾਲ ਚਿੱਟੀ ਮੱਖੀ ਦੇ ਪ੍ਰਕੋਪ ਨੂੰ ਸ਼ੁਰੂਆਤੀ ਪੱਧਰ ਤੇ ਹੀ ਕਾਬੂ ਕੀਤਾ ਜਾ ਸਕਦਾ ਹੈ। ਨਾਲ ਹੀ ਵਿਭਾਗ ਵੱਲੋਂ ਕੀੜੇ-ਮਕੌੜਿਆਂ ਦੇ ਸਰਵੇਖਣ ਲਈ ਜ਼ਿਲ੍ਹਾ ਬਠਿੰਡਾ ਚ 44 ਟੀਮਾਂ  ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਸ ਸਬੰਧੀ ਨਜ਼ਰਸਾਨੀ ਕੀਤੀ ਜਾਵੇ।

 

          ਕਪਾਹ 2026 ਦੀ ਵਿਓਂਤਬੰਦੀ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਰਚ 2026 ਤੋਂ ਨਰਮੇ ਦੀ ਫਸਲ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਾਰ ਕਿਸਾਨ ਸਿਖਲਾਈ ਕੈਂਪ ਫਸਲ ਪੱਕਣ ਤੱਕ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਨਰਮੇ ਦੀ ਸਮੇਂ ਸਿਰ ਬਿਜਾਈ ਲਈ ਉਤਸ਼ਾਹਿਤ ਕਰਨਾ ਅਤੇ ਗੈਰ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਨਾ ਕਰਨ ਬਾਰੇ ਦੱਸਿਆ ਜਾਵੇਗਾ। ਨਾਲ ਹੀ ਨਦੀਨ ਨਸ਼ਟ ਕਰਨ ਸਬੰਧੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵੱਖ-ਵੱਖ ਤਰਾਂ ਦਾ ਲਿਟਰੇਚਰ ਕਿਸਾਨਾਂ ਨੂੰ ਵੰਡਿਆ ਜਾਵੇਗਾ।

Categories: Punjab

Tags: None

Published on: 06 Mar 2026

Guraashish Singh Dhaliwal
Mobile N/A
📣 Share this post

Latest News