ਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ, ਖਿਡਾਰੀਆਂ ਦੀ ਪ੍ਰਤਿਭਾ ਅਤੇ ਹੁਨਰ ਨੂੰ ਉਭਾਰਨ, ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਅਤੇ ਤੰਦਰੁਸਤ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਮੰਤਵ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਖੇਡਾਂ ਵਤਨ ਪੰਜਾਬ ਦੀਆਂ-2026 (ਸੀਜ਼ਨ-4) ਅਧੀਨ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀਆਂ ਦੀ ਚੋਣ ਲਈ ਵੱਖ-ਵੱਖ ਖੇਡਾਂ ਦੇ ਟ੍ਰਾਇਲ ਕਰਵਾਏ ਜਾ ਰਹੇ ਹਨ।
ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਲੜਕੇ-ਲੜਕੀਆਂ ਅਤੇ ਮਹਿਲਾ-ਪੁਰਸ਼ ਵਰਗਾਂ ਵਿੱਚ 10 ਅਕਤੂਬਰ ਤੋਂ 23 ਨਵੰਬਰ 2026 ਤੱਕ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਨਹੀਂ ਕਰਵਾਏ ਗਏ ਅਤੇ ਜਿਨ੍ਹਾਂ ਖੇਡਾਂ ਲਈ ਸਿੱਧੀ ਐਂਟਰੀ ਰਾਜ ਪੱਧਰ ’ਤੇ ਹੋਣੀ ਹੈ, ਉਨ੍ਹਾਂ ਖੇਡਾਂ ਲਈ ਟ੍ਰਾਇਲਾਂ ਦੇ ਆਧਾਰ ’ਤੇ ਯੋਗ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।
ਵੱਖ-ਵੱਖ ਖੇਡਾਂ ਦੇ ਟ੍ਰਾਇਲਾਂ ਦਾ ਵੇਰਵਾ
ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ੍ਰੀ ਮੁਕਤਸਰ ਸਾਹਿਬ ਵਿਖੇ ਹਾਕੀ, ਜੂਡੋ, ਸਾਫਟਬਾਲ, ਲਾਅਨ ਟੈਨਿਸ, ਫੈਂਸਿੰਗ, ਚੈੱਸ, ਰੋਇੰਗ, ਕੈਕਿੰਗ/ਕਨੋਇੰਗ, ਸਾਈਕਲਿੰਗ, ਵੁਸ਼ੂ, ਘੋੜਸਵਾਰੀ, ਬੇਸਬਾਲ, ਤਾਇਕਵਾਂਡੋ, ਜਿਮਨਾਸਟਿਕਸ ਅਤੇ ਕਰਾਟੇ ਦੇ ਟ੍ਰਾਇਲ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਟੇਬਲ ਟੈਨਿਸ ਦੇ ਟ੍ਰਾਇਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ; ਤੈਰਾਕੀ ਦੇ ਟ੍ਰਾਇਲ ਮਾਲਵਾ ਸਕੂਲ, ਗਿੱਦੜਬਾਹਾ ਅਤੇ ਰੱਗਬੀ ਦੇ ਟ੍ਰਾਇਲ ਨਿਊ ਮਾਲਵਾ ਸਕੂਲ, ਮੱਲਣ ਵਿਖੇ ਕਰਵਾਏ ਜਾਣਗੇ।
ਉਪਰੋਕਤ ਖੇਡਾਂ ਦੇ ਟ੍ਰਾਇਲ 6 ਅਕਤੂਬਰ 2026 ਨੂੰ ਸਵੇਰੇ 9:00 ਵਜੇ ਹੋਣਗੇ, ਜਦਕਿ ਨੈੱਟਬਾਲ ਦੇ ਟ੍ਰਾਇਲ 5 ਅਕਤੂਬਰ 2026 ਨੂੰ ਸਵੇਰੇ 9:00 ਵਜੇ ਬਾਬਾ ਫਰੀਦ ਸਕੂਲ, ਛੱਤੇਆਣਾ ਵਿਖੇ ਕਰਵਾਏ ਜਾਣਗੇ।
ਖਿਡਾਰੀਆਂ ਲਈ ਜ਼ਰੂਰੀ ਹਦਾਇਤਾਂ
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟ੍ਰਾਇਲਾਂ ਵਿੱਚ ਭਾਗ ਲੈਣ ਵਾਲਾ ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਜਾਂ ਪੰਜਾਬ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜ੍ਹਦਾ ਹੋਣਾ ਚਾਹੀਦਾ ਹੈ। ਇਸ ਸਬੰਧੀ ਖਿਡਾਰੀ ਕੋਲ ਰਿਹਾਇਸ਼ੀ ਸਰਟੀਫਿਕੇਟ, ਪੰਜਾਬ ਦਾ ਆਧਾਰ ਕਾਰਡ ਜਾਂ ਵਿਦਿਅਕ ਅਦਾਰੇ ਦਾ ਆਈ.ਡੀ. ਕਾਰਡ ਹੋਣਾ ਲਾਜ਼ਮੀ ਹੈ।
ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਉਮਰ ਦੇ ਸਬੂਤ ਵਜੋਂ ਖਿਡਾਰੀ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਅਤੇ ਆਪਣੀ ਆਫਲਾਈਨ ਸਮਰੀਸ਼ੀਟ ਟ੍ਰਾਇਲ ਸਥਾਨ ’ਤੇ ਜਮ੍ਹਾਂ ਕਰਵਾਉਣ।
ਉਨ੍ਹਾਂ ਸਪੱਸ਼ਟ ਕੀਤਾ ਕਿ ਟ੍ਰਾਇਲਾਂ ਵਿੱਚ ਭਾਗ ਲੈਣ ਲਈ ਕਿਸੇ ਵੀ ਖਿਡਾਰੀ ਨੂੰ ਬੱਸ ਕਿਰਾਇਆ ਨਹੀਂ ਦਿੱਤਾ ਜਾਵੇਗਾ। ਚੈੱਸ ਦੇ ਖਿਡਾਰੀ ਆਪਣੇ ਚੈੱਸ ਮੈਟ ਅਤੇ ਟਾਈਮਰ ਨਾਲ ਲੈ ਕੇ ਆਉਣ। ਇਸੇ ਤਰ੍ਹਾਂ ਸਾਰੇ ਖਿਡਾਰੀ ਆਪਣੀ ਸਬੰਧਤ ਖੇਡ ਦਾ ਲੋੜੀਂਦਾ ਸਮਾਨ/ਸਪੋਰਟਸ ਕਿੱਟ ਆਪਣੇ ਨਾਲ ਲੈ ਕੇ ਆਉਣ।
ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਕਰਮਚਾਰੀ ਸ੍ਰੀ ਦੀਪੀ ਰਾਣੀ, ਜਿਮਨਾਸਟਿਕਸ ਕੋਚ, ਮੋਬਾਈਲ ਨੰਬਰ 9781572027 ’ਤੇ ਸੰਪਰਕ ਕੀਤਾ ਜਾ ਸਕਦਾ ਹੈ