ਜਲੰਧਰ, 14 ਸਤੰਬਰ: ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਖੇਡ ਮੁਕਾਬਲੇ ਜਾਰੀ ਹਨ। ਇਸ ਵਾਰ ਟੈਨਿਸ ਕ੍ਰਿਕਟ ਨੂੰ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ਼ਾਮਲ ਕੀਤਾ ਗਿਆ ਹੈ।
ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਦੇ 6 ਬਲਾਕਾਂ—ਮਹਿਤਪੁਰ, ਨਕੋਦਰ, ਨੂਰਮਹਿਲ, ਲੋਹੀਆਂ, ਸ਼ਾਹਕੋਟ ਅਤੇ ਜਲੰਧਰ ਪੱਛਮੀ ਵਿੱਚ ਟੈਨਿਸ ਕ੍ਰਿਕਟ ਦੇ ਮੁਕਾਬਲੇ ਕਰਵਾਏ ਗਏ। ਇਹ ਟੈਨਿਸ ਕ੍ਰਿਕਟ ਮੁਕਾਬਲਿਆਂ ਦਾ ਪਹਿਲਾ ਦਿਨ ਸੀ, ਜਿਸ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮਹਿਤਪੁਰ ਵਿੱਚ ਕੈਂਬ੍ਰਿਜ ਸਕੂਲ ਦੀ ਟੀਮ ਨੇ ਪਹਿਲਾ ਅਤੇ ਐੱਚ.ਪੀ. ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਬਲਾਕ ਲੋਹੀਆਂ ਵਿੱਚ ਫੁਲਵਾਰੀ ਪਿੰਡ ਦੀ ਟੀਮ ਪਹਿਲੇ ਅਤੇ ਨਵਾਂ ਪਿੰਡ ਦੋਨੇਵਾਲ ਦੀ ਟੀਮ ਦੂਜੇ ਸਥਾਨ ’ਤੇ ਰਹੀ। ਬਲਾਕ ਸ਼ਾਹਕੋਟ ਵਿੱਚ ਪਿੰਡ ਮਲਸੀਆਂ ਨੇ ਪਹਿਲਾ ਅਤੇ ਕੋਟਲੀ ਗੁਜਰਾਂ ਨੇ ਦੂਜਾ ਸਥਾਨ ਹਾਸਲ ਕੀਤਾ।
ਸ਼ਾਹਕੋਟ ਬਲਾਕ ਵਿਖੇ ਹੋਏ ਮੁਕਾਬਲਿਆਂ ਦੌਰਾਨ ‘ਆਪ’ ਆਗੂ ਪਰਮਿੰਦਰ ਸਿੰਘ ਪੰਡੋਰੀ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਤੋਂ ਇਲਾਵਾ ਮਹਿਤਪੁਰ ਬਲਾਕ ਦੇ ਮੁਕਾਬਲਿਆਂ ਵਿੱਚ ਪਿੰਡ ਸੰਗੋਵਾਲ ਦੇ ਸਰਪੰਚ ਕੁਲਵੰਤ ਸਿੰਘ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦਾ ਉਤਸ਼ਾਹ ਵਧਾਇਆ।
‘ਖੇਡਾਂ ਵਤਨ ਪੰਜਾਬ ਦੀਆਂ-2026’ ਰਾਹੀਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।