• Thursday, 20 August 2026
Advertisement Advertisement
Ad banner Ad banner
ਗਿੱਦੜਬਾਹਾ ਵਿੱਚ 8.38 ਕਰੋੜ ਦੇ ਨਹਿਰੀ ਪਾਣੀ ਵਿਕਾਸ ਕਾਰਜਾਂ ਦੀ ਸ਼ੁਰੂਆਤ, ਕਿਸਾਨਾਂ ਨੂੰ ਮਿਲੇਗੀ ਬਿਹਤਰ ਸਿੰਚਾਈ ਸਹੂਲਤ

19 Aug 2026 | 37 Views

ਗਿੱਦੜਬਾਹਾ ਵਿੱਚ 8.38 ਕਰੋੜ ਦੇ ਨਹਿਰੀ ਪਾਣੀ ਵਿਕਾਸ ਕਾਰਜਾਂ ਦੀ ਸ਼ੁਰੂਆਤ, ਕਿਸਾਨਾਂ ਨੂੰ ਮਿਲੇਗੀ ਬਿਹਤਰ ਸਿੰਚਾਈ ਸਹੂਲਤ

ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 19 ਅਗਸਤ: ਕਿਸਾਨਾਂ ਨੂੰ ਬਿਹਤਰ ਅਤੇ ਸੁਚਾਰੂ ਨਹਿਰੀ ਪਾਣੀ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਗਿੱਦੜਬਾਹਾ ਹਲਕੇ ਵਿੱਚ 8.38 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਕੈਬਨਿਟ ਮੰਤਰੀ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਦੌਰੇ ਦੌਰਾਨ ਇਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਗਿੱਦੜਬਾਹਾ ਦੇ ਵਿਧਾਇਕ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਇਨ੍ਹਾਂ ਵਿਕਾਸ ਕਾਰਜਾਂ ਵਿੱਚ ਕੋਟਭਾਈ ਰਜਬਾਹੇ ਨੂੰ ਪਾਈਪਲਾਈਨ ਵਿੱਚ ਤਬਦੀਲ ਕਰਨਾ, 10 ਨੰਬਰ ਮੋਘਿਆਂ ਦੇ ਖਾਲਾਂ ਦੀ ਮੁੜ ਉਸਾਰੀ ਅਤੇ ਪਿਉਰੀ ਰਜਬਾਹੇ ਦੀ ਐਕਸਟੈਂਸ਼ਨ ਤੇ ਹੈੱਡ ਰੈਗੂਲੇਟਰ ਦੀ ਰੀਮਾਡਲਿੰਗ ਸ਼ਾਮਲ ਹੈ।

ਕੋਟਭਾਈ ਰਜਬਾਹੇ ਨੂੰ ਬੁਰਜੀ ਨੰਬਰ 127500 ਤੋਂ 134342 ਤੱਕ ਪਾਈਪਲਾਈਨ ਵਿੱਚ ਤਬਦੀਲ ਕਰਨ ਲਈ 2.30 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ 10 ਨੰਬਰ ਮੋਘਿਆਂ ਦੇ ਖਾਲਾਂ ਦੀ ਮੁੜ ਉਸਾਰੀ ਲਈ 5.30 ਕਰੋੜ ਰੁਪਏ ਦੀ ਲਾਗਤ ਆਵੇਗੀ।

ਪਿਉਰੀ ਰਜਬਾਹੇ ਦੀ ਬੁਰਜੀ ਨੰਬਰ 20137 ਤੋਂ 26187 ਤੱਕ ਐਕਸਟੈਂਸ਼ਨ ਅਤੇ ਹੈੱਡ ਰੈਗੂਲੇਟਰ ਦੀ ਰੀਮਾਡਲਿੰਗ ਦਾ ਕੰਮ ਕੀਤਾ ਜਾਵੇਗਾ। ਇਸ ਦੀ ਕੁੱਲ ਲੰਬਾਈ ਲਗਭਗ 1.84 ਕਿਲੋਮੀਟਰ ਹੈ ਅਤੇ ਇਸ ’ਤੇ ਕਰੀਬ 0.78 ਕਰੋੜ ਰੁਪਏ ਖਰਚ ਹੋਣਗੇ।

ਕਿਸਾਨਾਂ ਨੂੰ ਮਿਲੇਗੀ ਨਹਿਰੀ ਪਾਣੀ ਦੀ ਬਿਹਤਰ ਸਹੂਲਤ

ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸੁਚਾਰੂ ਅਤੇ ਭਰੋਸੇਯੋਗ ਸਪਲਾਈ ਮੁਹੱਈਆ ਕਰਵਾਉਣ ਲਈ ਜਲ ਸਰੋਤ ਵਿਭਾਗ ਰਾਹੀਂ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਮਿਲ ਰਿਹਾ ਹੈ। ਇਸ ਦੇ ਨਾਲ ਹੀ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟਾਉਣ ਅਤੇ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਵਿੱਚ ਵੀ ਮਦਦ ਮਿਲੇਗੀ।

ਪਿਉਰੀ ਰਜਬਾਹੇ ਦੀ ਐਕਸਟੈਂਸ਼ਨ ਅਤੇ ਹੈੱਡ ਰੈਗੂਲੇਟਰ ਦੀ ਰੀਮਾਡਲਿੰਗ ਨਾਲ ਨਹਿਰੀ ਪਾਣੀ ਦੀ ਵੰਡ ਅਤੇ ਸਿੰਚਾਈ ਪ੍ਰਬੰਧਨ ਵਿੱਚ ਸੁਧਾਰ ਆਉਣ ਦੀ ਉਮੀਦ ਹੈ। ਇਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਲਈ ਪਾਣੀ ਦੀ ਵਧੇਰੇ ਸੁਚਾਰੂ ਅਤੇ ਭਰੋਸੇਯੋਗ ਸਪਲਾਈ ਮਿਲੇਗੀ।

ਗਿੱਦੜਬਾਹਾ ਸ਼ਹਿਰ ਨੂੰ ਵੀ ਹੋਵੇਗਾ ਵੱਡਾ ਲਾਭ

ਕੋਟਭਾਈ ਰਜਬਾਹੇ ਨੂੰ ਪਾਈਪਲਾਈਨ ਵਿੱਚ ਤਬਦੀਲ ਕਰਨ ਨਾਲ ਗਿੱਦੜਬਾਹਾ ਸ਼ਹਿਰ ਦੇ ਵਸਨੀਕਾਂ ਨੂੰ ਵੀ ਕਈ ਲਾਭ ਮਿਲਣਗੇ। ਮੌਜੂਦਾ ਖੁੱਲ੍ਹੀ ਡਿਸਟ੍ਰੀਬਿਊਟਰੀ ਸ਼ਹਿਰ ਦੇ ਰਿਹਾਇਸ਼ੀ ਅਤੇ ਸ਼ਹਿਰੀ ਖੇਤਰ ਵਿੱਚੋਂ ਲੰਘਦੀ ਹੈ।

ਇਸ ਡਿਸਟ੍ਰੀਬਿਊਟਰੀ ਨੂੰ ਬੰਦ ਕਰਕੇ ਇਸ ਦੀ ਥਾਂ ਪਾਈਪਲਾਈਨ ਵਿਛਾਉਣ ਨਾਲ ਕੂੜਾ-ਕਰਕਟ ਕਾਰਨ ਪੈਦਾ ਹੋਣ ਵਾਲੀ ਗੰਦਗੀ ਦੀ ਸਮੱਸਿਆ ਘਟੇਗੀ ਅਤੇ ਸਿੰਚਾਈ ਤੇ ਵਾਟਰ ਵਰਕਸ ਲਈ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।

ਪਾਈਪਲਾਈਨ ਰਾਹੀਂ ਪਾਣੀ ਦੀ ਸੁਰੱਖਿਅਤ ਅਤੇ ਨਿਯੰਤਰਿਤ ਸਪਲਾਈ ਹੋਣ ਨਾਲ ਡਿਸਟ੍ਰੀਬਿਊਟਰੀ ਦੇ ਓਵਰਫਲੋ ਜਾਂ ਟੁੱਟਣ ਕਾਰਨ ਸ਼ਹਿਰੀ ਖੇਤਰ ਵਿੱਚ ਪਾਣੀ ਭਰਨ ਅਤੇ ਜਾਨੀ-ਮਾਲੀ ਨੁਕਸਾਨ ਦੇ ਖਤਰੇ ਨੂੰ ਵੀ ਘਟਾਇਆ ਜਾ ਸਕੇਗਾ।

ਇਸ ਤੋਂ ਇਲਾਵਾ ਡਿਸਟ੍ਰੀਬਿਊਟਰੀ ਦੀ ਟੇਲ ’ਤੇ ਸਥਿਤ ਵਾਟਰ ਵਰਕਸ ਨੂੰ ਲੋੜੀਂਦੇ ਪਾਣੀ ਦੀ ਨਿਰੰਤਰ ਅਤੇ ਭਰੋਸੇਯੋਗ ਸਪਲਾਈ ਮਿਲ ਸਕੇਗੀ। ਪਾਈਪਲਾਈਨ ਪ੍ਰਾਜੈਕਟ ਨਾਲ ਸ਼ਹਿਰ ਦੀ ਸਫ਼ਾਈ, ਸੁੰਦਰਤਾ ਅਤੇ ਜਨਤਕ ਸੁਰੱਖਿਆ ਵਿੱਚ ਵੀ ਸੁਧਾਰ ਹੋਵੇਗਾ ਅਤੇ ਡਿਸਟ੍ਰੀਬਿਊਟਰੀ ਦੀ ਸਫ਼ਾਈ ਤੇ ਰੱਖ-ਰਖਾਅ ’ਤੇ ਹੋਣ ਵਾਲੇ ਖਰਚੇ ਵਿੱਚ ਕਮੀ ਆਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਹ ਵਿਕਾਸ ਕਾਰਜ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਦੇਣ ਦੇ ਨਾਲ-ਨਾਲ ਗਿੱਦੜਬਾਹਾ ਸ਼ਹਿਰ ਦੇ ਲੋਕਾਂ ਲਈ ਸਾਫ਼-ਸੁਥਰਾ, ਸੁਰੱਖਿਅਤ ਅਤੇ ਸੁਚਾਰੂ ਵਾਤਾਵਰਣ ਯਕੀਨੀ ਬਣਾਉਣ ਵਿੱਚ ਅਹਿਮ ਸਾਬਤ ਹੋਣਗੇ।

ਇਸ ਮੌਕੇ ਵਿਧਾਇਕ ਗਿੱਦੜਬਾਹਾ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਿੱਦੜਬਾਹਾ ਹਲਕੇ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਜਾਰੀ ਰਹਿਣਗੇ।

ਇਸ ਮੌਕੇ ਨਿਗਰਾਨ ਇੰਜੀਨੀਅਰ ਗਗਨਦੀਪ ਸਿੰਘ ਗਿੱਲ, ਐਕਸੀਅਨ ਜਲ ਸਰੋਤ ਜਗਮੀਤ ਸਿੰਘ ਭਾਕਰ, ਐਸ.ਡੀ.ਓ ਸੁਖਪ੍ਰੀਤ ਸਿੰਘ, ਮਹੇਸ਼ ਪਟਵਾਰੀ, ਪ੍ਰਭਜੋਤ ਸਿੰਘ ਪੈਵੀ ਢਿੱਲੋਂ, ਚੇਅਰਮੈਨ ਟਰੇਡ ਕਮਿਸ਼ਨ ਗਿੱਦੜਬਾਹਾ ਅਸ਼ੋਕ ਬੁੱਟਰ, ਪ੍ਰਧਾਨ ਨਗਰ ਕੌਂਸਲ ਗਿੱਦੜਬਾਹਾ ਗੌਰਵ ਜੈਨ ਟੀਨੂੰ, ਮੀਤ ਪ੍ਰਧਾਨ ਰੈਸਟੀ ਰੰਧਾਵਾ, ਹਲਕਾ ਸੰਗਠਨ ਇੰਚਾਰਜ ਕਿਰਨਪਾਲ, ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਹਰਦੀਪ ਸਿੰਘ ਭੰਗਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Categories: Punjab

Tags: None

Published on: 19 Aug 2026

Guraashish Singh Dhaliwal
Mobile N/A
📣 Share this post

Latest News