ਬਠਿੰਡਾ, 18 ਅਗਸਤ: ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ (ਬਾਦਲ-ਬਠਿੰਡਾ ਰੋਡ) ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਪੰਜਾਬ ਪੁਲਿਸ ਅਤੇ ਏਅਰ ਫੋਰਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਮੁਫ਼ਤ ਪੂਰਵ-ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੇ ਇਸ ਕੈਂਪ ਸਬੰਧੀ ਜਾਣਕਾਰੀ ਸਿਖਲਾਈ ਅਧਿਕਾਰੀ ਸੀ-ਪਾਈਟ ਕੈਂਪ ਕਾਲਝਰਾਣੀ ਕੈਪਟਨ ਲਖਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦਾ ਲਿਖਤੀ ਇਮਤਿਹਾਨ ਦੇ ਚੁੱਕੇ ਨੌਜਵਾਨ ਕੈਂਪ ਵਿੱਚ ਆ ਕੇ ਫਿਜ਼ੀਕਲ ਟਰਾਇਲ ਦੀ ਤਿਆਰੀ ਕਰ ਸਕਦੇ ਹਨ। ਇਸ ਤੋਂ ਇਲਾਵਾ ਏਅਰ ਫੋਰਸ ਦੀਆਂ ਟੈਕਨੀਕਲ ਅਤੇ ਨਾਨ-ਟੈਕਨੀਕਲ ਅਸਾਮੀਆਂ ਲਈ ਅਪਲਾਈ ਕਰ ਚੁੱਕੇ ਨੌਜਵਾਨ ਵੀ ਇੱਥੇ ਲਿਖਤੀ ਪੇਪਰ ਦੀ ਤਿਆਰੀ ਕਰ ਸਕਦੇ ਹਨ।
ਉਨ੍ਹਾਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਜਲਦ ਤੋਂ ਜਲਦ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਰਿਪੋਰਟ ਕਰਨ। ਕੈਂਪ ਵਿੱਚ ਫਿਜ਼ੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਤਿਆਰੀ ਤਜਰਬੇਕਾਰ ਸਟਾਫ਼ ਵੱਲੋਂ ਕਰਵਾਈ ਜਾਵੇਗੀ।
ਪੂਰਵ-ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ 20 ਅਗਸਤ 2026 ਤੋਂ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ, ਜ਼ਿਲ੍ਹਾ ਬਠਿੰਡਾ ਵਿਖੇ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਰਜਿਸਟ੍ਰੇਸ਼ਨ ਲਈ ਨੌਜਵਾਨਾਂ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਸਰਟੀਫਿਕੇਟਾਂ ਦੀਆਂ ਫੋਟੋਕਾਪੀਆਂ, ਭਰਤੀ ਲਈ ਆਨਲਾਈਨ ਅਪਲਾਈ ਕੀਤੇ ਫਾਰਮ ਅਤੇ ਐਡਮਿਟ ਕਾਰਡ ਦੀ ਫੋਟੋਕਾਪੀ, ਆਧਾਰ ਕਾਰਡ, ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣੀਆਂ ਹੋਣਗੀਆਂ।
ਸਿਖਲਾਈ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੌਜਵਾਨਾਂ ਨੂੰ ਮੁਫ਼ਤ ਖਾਣਾ (ਸਪੈਸ਼ਲ ਡਾਈਟ) ਅਤੇ ਮੁਫ਼ਤ ਰਿਹਾਇਸ਼ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ 94641-52013 ਅਤੇ 94638-41615 ’ਤੇ ਸੰਪਰਕ ਕੀਤਾ ਜਾ ਸਕਦਾ ਹੈ।