*ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 4 ਵਿੱਚ ਸੜਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ, ਆਧੁਨਿਕ ਸਹੂਲਤਾਂ ਨਾਲ ਲੈਸ ਸ਼ਹਿਰ ਬਣਾਉਣ ਲਈ ਵਿਕਾਸ ਕਾਰਜਾਂ ਵਿੱਚ ਲਿਆਂਦੀ ਜਾ ਰਹੀ ਹੈ ਤੇਜ਼ੀ*
*ਪੰਜਾਬ ਨੂੰ ਰੰਗਲਾ ਪੰਜਾਬ ਅਤੇ ਬਠਿੰਡਾ ਨੂੰ ਆਧੁਨਿਕ ਸ਼ਹਿਰ ਬਣਾਉਣਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪਹਿਲ : ਪਦਮਜੀਤ ਸਿੰਘ ਮਹਿਤਾ*
ਬਠਿੰਡਾ, 19 ਅਕਤੂਬਰ :
ਸ਼ਹਿਰ ਦੀਆਂ ਸੜਕਾਂ ਨੂੰ ਖੱਡਾ ਮੁਕਤ ਬਣਾਉਣ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਪਛਾਣ ਦੇਣ ਦੇ ਉਦੇਸ਼ ਨਾਲ ਬਠਿੰਡਾ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਸ੍ਰੀ ਉਮੇਸ਼ ਗਰਗ ਗੋਗੀ ਦੇ ਵਾਰਡ ਨੰਬਰ 4 ਵਿੱਚ ਸਥਿਤ ਗ੍ਰੀਨ ਸਿਟੀ ਫੇਜ਼-1 ਦੀਆਂ ਸੜਕਾਂ ’ਤੇ ਪ੍ਰੀਮਿਕਸ ਵਿਛਾਉਣ ਦੇ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕੌਂਸਲਰ ਸ੍ਰੀ ਉਮੇਸ਼ ਗਰਗ ਗੋਗੀ ਸਮੇਤ ਗ੍ਰੀਨ ਸਿਟੀ ਦੇ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ ਬਠਿੰਡਾ ਨੂੰ ਇੱਕ ਆਧੁਨਿਕ ਸ਼ਹਿਰ ਵਜੋਂ ਵਿਕਸਿਤ ਕਰਨ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਦੀ ਲੋਕ-ਪੱਖੀ ਸੋਚ ਅਨੁਸਾਰ ਸ਼ਹਿਰ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਦਾ ਸਿੱਧਾ ਲਾਭ ਮਿਲ ਸਕੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਦੀ ਪਛਾਣ ਉਸ ਦੀਆਂ ਬਿਹਤਰ ਸੜਕਾਂ, ਸਾਫ਼-ਸਫ਼ਾਈ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਹੁੰਦੀ ਹੈ। ਇਸੇ ਸੋਚ ਤਹਿਤ ਬਠਿੰਡਾ ਦੀਆਂ ਸੜਕਾਂ ਨੂੰ ਬਿਹਤਰ ਬਣਾਉਣ, ਖੱਡਿਆਂ ਦੀ ਸਮੱਸਿਆ ਦੂਰ ਕਰਨ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਨਗਰ ਨਿਗਮ ਵੱਲੋਂ ਯੋਜਨਾਬੱਧ ਢੰਗ ਨਾਲ ਕੰਮ ਕਰਵਾਏ ਜਾ ਰਹੇ ਹਨ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਗ੍ਰੀਨ ਸਿਟੀ ਫੇਜ਼-1 ਵਿੱਚ ਕਰੀਬ 74 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਗਿਆ ਪ੍ਰੀਮਿਕਸ ਦਾ ਕੰਮ ਵੀ ਇਸੇ ਵਿਕਾਸ ਮੁਹਿੰਮ ਦਾ ਇੱਕ ਅਹਿਮ ਹਿੱਸਾ ਹੈ। ਸੜਕਾਂ ਬਿਹਤਰ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲੇਗੀ ਅਤੇ ਲੰਬੇ ਸਮੇਂ ਤੋਂ ਸੜਕਾਂ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਵੀ ਇਲਾਕੇ ਨੂੰ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਬਠਿੰਡਾ ਨੂੰ ਸਾਫ਼-ਸੁਥਰਾ, ਸੁੰਦਰ, ਵਿਵਸਥਿਤ ਅਤੇ ਆਧੁਨਿਕ ਸ਼ਹਿਰ ਬਣਾਉਣਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਇਸ ਮਕਸਦ ਲਈ ਨਗਰ ਨਿਗਮ ਦੀ ਟੀਮ ਲਗਾਤਾਰ ਯਤਨਸ਼ੀਲ ਹੈ। ਵਿਕਾਸ ਕਾਰਜਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਸ਼ਹਿਰ ਵਾਸੀਆਂ ਨੂੰ ਲੰਬੇ ਸਮੇਂ ਤੱਕ ਇਨ੍ਹਾਂ ਸਹੂਲਤਾਂ ਦਾ ਲਾਭ ਮਿਲ ਸਕੇ।
ਸ੍ਰੀ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹੈ। ਬਠਿੰਡਾ ਵਿੱਚ ਸੜਕ ਨਿਰਮਾਣ, ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਨਾਗਰਿਕ ਸਹੂਲਤਾਂ ਦੇ ਵਿਸਥਾਰ ਨਾਲ ਸਬੰਧਤ ਕੰਮ ਇਸੇ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਸੜਕਾਂ ਦਾ ਨਿਰਮਾਣ ਕਰਵਾਉਣਾ ਹੀ ਨਹੀਂ, ਸਗੋਂ ਬਠਿੰਡਾ ਨੂੰ ਅਜਿਹਾ ਆਧੁਨਿਕ ਸ਼ਹਿਰ ਬਣਾਉਣਾ ਹੈ, ਜਿੱਥੇ ਲੋਕਾਂ ਨੂੰ ਬਿਹਤਰ ਆਵਾਜਾਈ, ਸਾਫ਼-ਸੁਥਰਾ ਵਾਤਾਵਰਣ ਅਤੇ ਸੁਖਾਲਾ ਜੀਵਨ ਮਿਲ ਸਕੇ। ਨਗਰ ਨਿਗਮ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦਾ ਰਹੇਗਾ।
ਇਸ ਮੌਕੇ ਕੌਂਸਲਰ ਸ੍ਰੀ ਉਮੇਸ਼ ਗਰਗ ਗੋਗੀ ਸਮੇਤ ਗ੍ਰੀਨ ਸਿਟੀ ਫੇਜ਼-1 ਦੇ ਪਤਵੰਤੇ ਸੱਜਣਾਂ ਅਤੇ ਇਲਾਕਾ ਨਿਵਾਸੀਆਂ ਨੇ ਸੜਕ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਲਈ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦਾ ਧੰਨਵਾਦ ਕੀਤਾ।