ਸੂਫੀ ਸੰਤ ਫ਼ਕੀਰ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਸੂਫੀ ਵਿਚਾਰਧਾਰਾ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਗੀਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿੱਚ ਲੱਗਦੇ ਬਾਬਾ ਬੁੱਲ੍ਹੇ ਸ਼ਾਹ ਜੀ ਦੇ ਮੇਲੇ ਅਤੇ ਇਸ ਨਾਲ ਜੁੜੇ ਇਤਿਹਾਸ ਨੂੰ ਵੀ ਉਜਾਗਰ ਕਰੇਗਾ।
ਜਿਕਰਯੋਗ ਹੈ ਕਿ ਸੂਫੀ ਸੰਤ ਬਾਬਾ ਬੁੱਲ੍ਹੇ ਸ਼ਾਹ ਜੀ ਦਾ ਜਨਮ 1680 ਈਸਵੀ ਵਿੱਚ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਨੇੜੇ ਪਿੰਡ ਪਾਂਡੋਕੇ ਵਿੱਚ ਹੋਇਆ ਦੱਸਿਆ ਜਾਂਦਾ ਹੈ। ਵੰਡ ਤੋਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿੱਚ ਵੀ ਮੇਲਾ ਲਗਾਉਣ ਦੀ ਪਰੰਪਰਾ ਸ਼ੁਰੂ ਹੋਈ।
ਦੱਸਿਆ ਜਾਂਦਾ ਹੈ ਕਿ ਬਾਪੂ ਗੁਲਾਬ ਸਿੰਘ ਸੰਧੂ ਜੀਆਂ ਬੱਗਾ ਵੱਲੋਂ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਵਿੱਚ ਸਥਿਤ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਮਜ਼ਾਰ ਵਾਲੇ ਪਿੰਡ ਪਾਂਡੋਕੇ ਤੋਂ ਇੱਟ ਲਿਆ ਕੇ ਇੱਥੇ ਧਾਰਮਿਕ ਸਥਾਨ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਇੱਥੇ ਮੇਲਾ ਲੱਗਣ ਦੀ ਰੀਤ ਬਣ ਗਈ, ਜੋ ਅੱਜ ਵੀ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਯਾਦ ਨਾਲ ਜੁੜੀ ਹੋਈ ਹੈ।
ਇਸ ਇਤਿਹਾਸ ਨੂੰ ਗੀਤ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਹੋਣਹਾਰ ਗਾਇਕ ਜੱਜ ਸੰਧੂ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦਾ ਸੰਗੀਤ ਅਮਦਾਦ ਅਲੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਬਿੱਗ ਐਸ ਸਟੂਡੀਓ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਗੀਤ ਦੇ ਬੋਲ ਸੁਰਜੀਤ ਸਿੱਧੂ ਕੰਧਵਾਲੀਆ ਨੇ ਲਿਖੇ ਹਨ।
ਗੀਤ ਦੀ ਵੀਡੀਓ ਦਾ ਡਾਇਰੈਕਸ਼ਨ ਪ੍ਰੀਤ ਸਿੱਧੂ ਵੱਲੋਂ ਕੀਤਾ ਗਿਆ ਹੈ, ਜਦਕਿ ਡੀਓਪੀ ਦੀ ਜ਼ਿੰਮੇਵਾਰੀ ਮੈਂਡੀ ਬਾਵਾਂ ਨੇ ਨਿਭਾਈ ਹੈ। ਗੀਤ ਦਾ ਮਿਕਸ ਅਤੇ ਮਾਸਟਰ ਅਮਰਦੀਪ ਸਿੰਘ ਵੱਲੋਂ ਕੀਤਾ ਗਿਆ ਹੈ।
ਇਸ ਗੀਤ ਰਾਹੀਂ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਸੂਫੀ ਵਿਚਾਰਧਾਰਾ, ਉਨ੍ਹਾਂ ਦੀ ਯਾਦ ਅਤੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿੱਚ ਲੱਗਦੇ ਮੇਲੇ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਅਤੇ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੀਤ ਦੇ ਰਿਲੀਜ਼ ਹੋਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਅਤੇ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਵਿਚਾਰਧਾਰਾ ਨਾਲ ਜੁੜੇ ਸ਼ਰਧਾਲੂਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।