ਪੰਜਾਬ ਦੀ ਵਿਰਾਸਤੀ ਖੇਡ ਛਿੰਝ ਨੂੰ ਸੰਭਾਲਣ ਲਈ ਨੌਜਵਾਨ ਅੱਗੇ ਆਉਣ- ਹਰਜੋਤ ਬੈਂਸ
ਪੇਂਡੂ ਮੇਲੇ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ- ਕੈਬਨਿਟ ਮੰਤਰੀ
ਕੀਰਤਪੁਰ ਸਾਹਿਬ 22 ਸਤੰਬਰ: ਮਾਜਰੀ ਗੁੱਜਰਾਂ ਵਿਖੇ ਕਰਵਾਏ ਗਏ ਰਵਾਇਤੀ 36ਵੇਂ ਛਿੰਝ ਮੇਲੇ ਦੌਰਾਨ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ, ਖੇਡ ਪ੍ਰੇਮੀ ਅਤੇ ਪਿੰਡਾਂ ਦੇ ਲੋਕ ਮੇਲੇ ਵਿੱਚ ਪਹੁੰਚੇ। ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੇ ਮੇਲੇ ਸਾਡੇ ਪੁਰਾਤਨ ਸੱਭਿਆਚਾਰ, ਰਵਾਇਤੀ ਖੇਡਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਖੇਡਾਂ ਦੇ ਖੇਤਰ ਵਿੱਚ ਦੇਸ਼ ਅਤੇ ਦੁਨੀਆ ਨੂੰ ਨਾਮਵਰ ਖਿਡਾਰੀ ਦਿੱਤੇ ਹਨ। ਛਿੰਝ ਪੰਜਾਬ ਦੀ ਪੁਰਾਤਨ ਅਤੇ ਵਿਰਾਸਤੀ ਖੇਡ ਹੈ, ਜਿਸ ਨਾਲ ਪੰਜਾਬੀਆਂ ਦੀ ਮਿਹਨਤ, ਜਜ਼ਬੇ ਅਤੇ ਤੰਦਰੁਸਤੀ ਦੀ ਭਾਵਨਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਨੌਜਵਾਨ ਪੀੜ੍ਹੀ ਨੂੰ ਰਵਾਇਤੀ ਖੇਡਾਂ ਨਾਲ ਜੋੜਿਆ ਜਾਵੇ ਅਤੇ ਪਿੰਡ ਪੱਧਰ ’ਤੇ ਖੇਡ ਗਤੀਵਿਧੀਆਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਲੱਗਣ ਵਾਲੇ ਮੇਲੇ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੁੰਦੇ, ਸਗੋਂ ਇਹ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਵੀ ਮਹੱਤਵਪੂਰਨ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ਛਿੰਝ ਮੇਲਿਆਂ ਵਿੱਚ ਪਹਿਲਵਾਨਾਂ ਵੱਲੋਂ ਦਿਖਾਈ ਜਾਂਦੀ ਕਲਾ ਅਤੇ ਖੇਡ ਭਾਵਨਾ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀ ਹੈ।
ਉਨ੍ਹਾਂ ਮੇਲੇ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨੂੰ ਨਿਰੰਤਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਰਵਾਇਤੀ ਖੇਡਾਂ ਅਤੇ ਲੋਕ ਵਿਰਾਸਤ ਜਿਉਂਦੀ ਰਹੇ। ਉਨ੍ਹਾਂ ਨੇ ਮੇਲੇ ਵਿੱਚ ਸ਼ਾਮਲ ਪਹਿਲਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੀ ਕੈਬਨਿਟ ਮੰਤਰੀ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਮੇਲੇ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਛਿੰਝ ਮੇਲੇ ਦੌਰਾਨ ਪਹਿਲਵਾਨਾਂ ਵਿਚਕਾਰ ਹੋਏ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ ਅਤੇ ਲੋਕਾਂ ਨੇ ਖੇਡਾਂ ਦਾ ਭਰਪੂਰ ਆਨੰਦ ਮਾਣਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਪੇਂਡੂ ਭਾਈਚਾਰਕ ਸਾਂਝ ਦੀ ਝਲਕ ਵੀ ਵੇਖਣ ਨੂੰ ਮਿਲੀ।
ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਸਰਪੰਚ ਦਿਲਬਾਗ ਸਿੰਘ, ਮੈਂਬਰ ਸੈਣੀ ਭਲਾਈ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਅਮਨਦੀਪ ਸਿੰਘ ਮਾਜਰੀ, ਹਰਦੀਪ ਸਿੰਘ ਅਵਾਨਕੋਟ, ਜਗਤਾਰ ਸਿੰਘ ਕੋਟਬਾਲਾ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਸੁਦਾਗਰ ਸਿੰਘ, ਧੰਨਾ ਸਿੰਘ ਬਾਠ, ਰਾਮ ਕਿਸ਼ਨ ਮਾਜਰੀ, ਅਵਤਾਰ ਆਲੋਵਾਲੀਆ, ਅਮਨ ਬੇਲੀ, ਗੁਰਮੀਤ ਸਿੰਘ ਆਸਪੁਰ, ਮੋਹਣ ਸਿੰਘ ਚੇਚੀ, ਰਣਵੀਰ ਸਿੰਘ ਸੈਣੀ, ਸੀਤਾ ਰਾਮ ਅਵਾਨਕੋਟ, ਚੌਧਰੀ ਸੁੱਚਾ ਸਿੰਘ, ਦਿਲਬਾਗ ਸਿੰਘ ਸਰਸਾ ਨੰਗਲ, ਸਰਪੰਚ ਸੋਹਣ ਮੁਹੰਮਦ, ਸਰਪੰਚ ਕੁਲਵੰਤ ਸਿੰਘ ਖਰੋਟਾ, ਸਾਬਕਾ ਸਰਪੰਚ ਤੇਜਾ ਸਿੰਘ, ਰਜਿੰਦਰ ਸਿੰਘ ਮਾਜਰੀ, ਚੌਧਰੀ ਲਖਵੀਰ ਸਿੰਘ ਲੱਕੀ, ਨੰਬਰਦਾਰ ਭੁਪਿੰਦਰ ਸਿੰਘ, ਸਰਬਜੀਤ ਸਿੰਘ ਆਲੋਵਾਲ, ਚੌਧਰੀ ਬੰਤ ਸਿੰਘ,ਚੌਧਰੀ ਚਰਨਜੀਤ ਸਿੰਘ ਹਾਜ਼ਰ ਸਨ|
Sports