ਪੰਜਾਬ ਸਰਕਾਰ ਬਣੀ ਬੇਸਹਾਰਾ ਗਊਧਨ ਦਾ ਸਹਾਰਾ: ਕੀਮਤੀ ਭਗਤ
ਗਊਸ਼ਾਲਾਵਾਂ ਨੂੰ ਵੰਡੇ ਗਏ ਰਜਿਸਟ੍ਰੇਸ਼ਨ ਸਰਟੀਫਿਕੇਟ
ਲੰਬੀ/ਸ੍ਰੀ ਮੁਕਤਸਰ ਸਾਹਿਬ, 06 ਅਕਤੂਬਰ :
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਲਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉੱਥੇ ਹੀ ਬੇਜ਼ੁਬਾਨ ਅਤੇ ਬੇਸਹਾਰਾ ਗਊਧਨ ਦੀ ਰੱਖਿਆ ਲਈ ਵੀ ਲਗਤਾਰ ਯਤਨ ਕੀਤੇ ਜਾ ਰਹੇ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਵਿਧਾਨ ਸਭਾ ਹਲਕੇ ਲੰਬੀ ਦੇ ਪਿੰਡ ਬਾਦਲ ਦੇ ਰੈਸਟ ਰਾਊਸ ਵਿਖੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਪ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਵੱਲੋਂ ਗਊਧਨ ਦੀ ਭਲਾਈ ਲਈ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 518 ਪ੍ਰਾਈਵੇਟ ਗਊਸ਼ਾਲਾਵਾਂ ਅਤੇ 20 ਸਰਕਾਰੀ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰ ਕੇ 111 ਕਰੋੜ ਰੁਪਏ ਦੀ ਰਾਹਤ ਦਿੱਤੀ ਹੈ। ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ ਗਊਸ਼ਾਲਾਵਾਂ ਦੇ ਨੁਮਾਂਇੰਦਿਆਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਵੰਡੇ ਗਏ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸੂਬੇ ਭਰ ਦੀਆਂ ਗਊਸ਼ਾਲਾਵਾਂ ਨੂੰ 'ਕਾਓ ਲਿਫਟਰ' (ਗਾਵਾਂ ਨੂੰ ਚੁੱਕਣ ਵਾਲੀਆਂ ਮਸ਼ੀਨਾਂ) ਵੀ ਮੁਹੱਈਆ ਕਰਵਾਏ ਹਨ, ਜਿਸ ਨਾਲ ਗਊਧਨ ਦੀ ਢੋਆ ਢੁਆਈ ਆਸਾਨ ਹੋ ਜਾਂਦੀ ਹੈ। ਸਰਕਾਰ ਵੱਲੋਂ 3 ਕਰੋੜ 6 ਲੱਖ ਰੁਪਏ ਦੀ ਲਾਗਤ ਨਾਲ 518 ਗਊਸ਼ਾਲਾਵਾਂ ਲਈ 'ਕਾਓ ਲਿਫਟਰ' ਖਰੀਦ ਕੇ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਗਊਸ਼ਾਲਾਵਾਂ ਨੂੰ ਵੀ ਇਹ 'ਕਾਓ ਲਿਫਟਰ' ਮੁਹੱਈਆ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਤੀ ਗਊਧਨ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 61 ਰੁਪਏ ਜਲਦ ਹੀ ਦਿੱਤੇ ਜਾ ਰਹੇ ਹਨ ਤਾਂ ਜੋ ਗਊਸ਼ਾਲਾਵਾਂ ਚ ਮੌਜੂਦ ਜਾਨਵਰਾਂ ਨੂੰ ਖੁਰਾਕ ਸਬੰਧੀ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ, ਇਸ ਤੋਂ ਇਲਾਵਾ ਗਊ ਟੈਕਸ ਤੋਂ ਇਕੱਠੇ ਹੋਏ ਪੈਸੇ ਵੀ ਜਲਦ ਹੀ ਗਊਸ਼ਾਲਾਵਾਂ ਨੂੰ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਦੀ ਭਲਾਈ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਗਊਸ਼ਾਲਾਵਾਂ ਨੂੰ ਮੁਫ਼ਤ ਬਿਜਲੀ ਦੇਣ ਤੋਂ ਇਲਾਵਾ ਹੁਣ ਸਰਕਾਰ ਵੱਲੋਂ ਗਊਧਨ ਨੂੰ ਡਾਕਟਰੀ ਸਹਾਇਤਾ ਅਤੇ ਦਵਾਈਆਂ ਦੇਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਵੱਲੋਂ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ-ਆਪਣੇ ਖੇਤਰ ਹੇਠ ਪੈਂਦੀ ਹਰ ਇਕ ਗਊਸ਼ਾਲਾ ਦਾ ਘੱਟੋ-ਘੱਟ ਮਹੀਨੇ ’ਚ ਇਕ ਵਾਰ ਦੌਰਾ ਕਰਨ ਤਾਂ ਜੋ ਗਊਸ਼ਾਲਾਵਾਂ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਯਕੀਨੀ ਬਣਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਜੋ ਗਊਧੰਨ ਸੜਕਾਂ ’ਤੇ ਐਕਸੀਡੈਂਟ ਨਾਲ ਫੱਟੜ ਹੋ ਜਾਂਦਾ ਹੈ, ਉਸ ਲਈ ਡਾਕਟਰਾਂ ਦੀਆਂ ਟੀਮਾਂ, ਨਗਰ ਕੌਂਸਲ ਦੀਆਂ ਟੀਮਾਂ ਬਣਾਈਆਂ ਜਾਣਗੀਆਂ ਅਤੇ ਰਿਕਵਰੀ ਵੈਨ ਲੈਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਇੱਕ ਟੋਲ ਫ੍ਰੀ ਨੰਬਰ ਵੀ ਜਲਦ ਹੀ ਮੁਹੱਈਆ ਕਰਵਾਇਆ ਜਾਵੇਗਾ।
ਉਪ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਦਾ ਮੁੱਖ ਮੰਤਵ ਹੈ ਕਿ ਪੰਜਾਬ ਦੀਆਂ ਸੜਕਾਂ ’ਤੇ ਬੇਸਹਾਰਾ, ਗਊਧੰਨ ਨਾ ਰਹੇ, ਕਿਉਂਕਿ ਇਨ੍ਹਾਂ ਪਸ਼ੂਆਂ ਦੇ ਸੜਕਾਂ ’ਤੇ ਹੋਣ ਨਾਲ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ ਤੇ ਟ੍ਰੈਫ਼ਿਕ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਖਾਸ ਤੌਰ ’ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇਸਹਾਰਾ ਪਸ਼ੂਆਂ ਨੂੰ ਇੱਕ ਪਿੰਡ ਤੋਂ ਦੂਜੇ ਪਿੰਡ ਜਾਂ ਸ਼ਹਿਰਾਂ ਵਿੱਚ ਛੱਡਣ ਦੀ ਬਜਾਏ ਸਰਕਾਰੀ ਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਹੀ ਛੱਡ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਆਮ ਲੋਕ ਸੜਕੀ ਹਾਦਸਿਆਂ ਤੋਂ ਬਚਣ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਾ ਹੋਵੇ।
ਇਸ ਮੌਕੇ ਐਸ.ਡੀ.ਐਮ. ਮਲੋਟ ਸ੍ਰੀ ਪੰਕਜ ਕੁਮਾਰ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜਿੰਦਰ ਸਿੰਘ ਕਾਉਣੀ, ਚੇਅਰਮੈਨ ਮਾਰਕੀਟ ਕਮੇਟੀ ਕਿੱਲਿਆਂਵਾਲੀ ਸ. ਗੁਰਬਾਜ ਸਿੰਘ ਬਣਵਾਲਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਦਿੱਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਗਊਸ਼ਾਲਾਵਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ ।