ਬਠਿੰਡਾ, 23 ਫ਼ਰਵਰੀ : ਬਠਿੰਡਾ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਪਲਾਟਾਂ ਦੇ ਡਰਾਅ ਕੱਢੇ ਗਏ।
ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪਾਰਟੀ ਅਹੁਦੇਦਾਰ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਬਲਤੇਜ ਪੰਨੂੰ ਨੇ ਦੱਸਿਆ ਕਿ ਪਲਾਟਾਂ ਦੇ ਡਰਾਅ ਕੱਢਣ ਦੇ ਪ੍ਰੋਗਰਾਮ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ 2500 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਕੇ ਹਾਲ ਪੂਰਾ ਭਰਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਪੂਰੀ ਪਾਰਦਰਸ਼ਤਾ ਨਾਲ ਡਰਾਅ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਗਿਆ ਹੈ, ਜੋ ਸਰਕਾਰ ਦੀ ਇਮਾਨਦਾਰ ਕਾਰਗੁਜ਼ਾਰੀ ਦਾ ਸਬੂਤ ਹੈ।
ਇਸ ਮੌਕੇ ਵਿਧਾਇਕ ਭੁਚੋ ਮਾਸਟਰ ਜਗਸੀਰ ਸਿੰਘ, ਮੇਅਰ ਨਗਰ ਨਿਗਮ ਸ੍ਰੀ ਪਦਮਜੀਤ ਮਹਿਤਾ, ਚੇਅਰਮੈਨ, ਨਗਰ ਸੁਧਾਰ ਟਰੱਸਟ ਸ੍ਰੀ ਜਤਿੰਦਰ ਸਿੰਘ ਭੱਲਾ, ਚੇਅਰਮੈਨ ਨੀਲ ਗਰਗ, ਚੇਅਰਮੈਨ ਰਾਜਨ ਅਮਰਦੀਪ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦਾ ਮਕਸਦ ਆਮ ਲੋਕਾਂ ਨੂੰ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਵਿੱਚ ਮਦਦ ਕਰਨਾ ਹੈ।
ਸ਼੍ਰੀ ਬਲਤੇਜ ਪੰਨੂੰ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟਾਂ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਕਾਨ ਬਣਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਮੁੜ ਰੰਗਲਾ ਬਣੇ ਅਤੇ ਹਰ ਪਰਿਵਾਰ ਕੋਲ ਆਪਣੀ ਛੱਤ ਹੋਵੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਕਲੋਨੀ ਭਵਿੱਖ ਵਿੱਚ ਇੱਕ ਮਿਸਾਲ ਬਣੇਗੀ ਅਤੇ ਇਲਾਕੇ ਦੇ ਰਿਹਾਇਸ਼ੀ ਵਿਕਾਸ ਨੂੰ ਹੋਰ ਗਤੀ ਦੇਵੇਗੀ।
ਡਰਾਅ ਦੌਰਾਨ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਪੂਰੀ ਪ੍ਰਕਿਰਿਆ ਨੂੰ ਜਨਤਕ ਤੌਰ ’ਤੇ ਕੀਤਾ ਗਿਆ। ਅਰਜ਼ੀਕਾਰਾਂ ਦੇ ਨਾਮ ਕੰਪਿਊਟਰਾਈਜ਼ਡ ਪ੍ਰਣਾਲੀ ਰਾਹੀਂ ਚੁਣੇ ਗਏ ਅਤੇ ਨਤੀਜੇ ਤੁਰੰਤ ਸਕ੍ਰੀਨ ’ਤੇ ਦਿਖਾਏ ਗਏ।
ਇਸ ਦੌਰਾਨ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਸ੍ਰੀ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਇਨਕਲੇਵ ਵਿੱਚ ਵੱਖ-ਵੱਖ ਸਾਈਜ਼ ਦੇ ਰਿਹਾਇਸ਼ੀ ਅਤੇ ਵਪਾਰਕ ਪਲਾਟ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਕਲੋਨੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ, ਜਿਸ ਵਿੱਚ ਪੱਕੀਆਂ ਸੜਕਾਂ, ਸੀਵਰੇਜ ਪ੍ਰਣਾਲੀ, ਪੀਣ ਵਾਲੇ ਪਾਣੀ ਦੀ ਸੁਵਿਧਾ, ਬਿਜਲੀ ਸਪਲਾਈ, ਸਟ੍ਰੀਟ ਲਾਈਟਾਂ ਅਤੇ ਹਰਿਆਲੀ ਲਈ ਖਾਸ ਥਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪਾਰਕ ਅਤੇ ਕਮਿਊਨਿਟੀ ਸੈਂਟਰ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ ਤਾਂ ਜੋ ਵਸਨੀਕਾਂ ਨੂੰ ਬਿਹਤਰ ਜੀਵਨ ਸਹੂਲਤਾਂ ਮਿਲ ਸਕਣ।
ਚੇਅਰਮੈਨ ਜਤਿੰਦਰ ਭੱਲਾ ਨੇ ਨਗਰ ਸੁਧਾਰ ਟਰੱਸਟ ਵੱਲੋਂ ਸ਼ਹਿਰ ਅੰਦਰ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਦਾ ਵੇਰਵਾ ਲੋਕਾਂ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਟਰੱਸਟ ਵੱਲੋਂ ਸੜਕਾਂ ਦੀ ਮੁਰੰਮਤ, ਨਵੀਆਂ ਕਲੋਨੀਆਂ ਦਾ ਵਿਕਾਸ, ਪਾਰਕਾਂ ਦੀ ਸੁਧਾਰ, ਆਪਣਾ ਸਰਕਾਰੀ ਪੈਟਰੋਲ ਪੰਪ, ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਇਨਕਲੇਵ ਵੀ ਇਸੇ ਕੜੀ ਦਾ ਹਿੱਸਾ ਹੈ ਅਤੇ ਇਸ ਨਾਲ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬਲੂ ਫੌਕਸ ਵਾਲੀ ਜਗ੍ਹਾ ਵਿਚ ਪਲਾਜੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਅਕਾਲੀ ਦਲ ਦੀ ਸਰਕਾਰ ਸਮੇਂ ਤੋਂ ਲਟਕ ਰਹੇ ਸਨ, ਜਿੰਨ੍ਹਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੰਮ ਕਰਨ ਦੀ ਇੱਛਾ ਸ਼ਕਤੀ ਦੁਆਰਾ ਪੂਰਾ ਕੀਤੇ ਹਨ।
ਇਸ ਮੌਕੇ,ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਸ੍ਰੀ ਬਲਜੀਤ ਬੱਲੀ, ਟਰਸਟ ਦੇ ਮੈਂਬਰ ਅਚਲਾ ਸ਼ਰਮਾ,ਨਿਮਰਤ ਕੌਰ ਸੱਯੁਕਤ ਡਿਪਟੀ ਡਾਇਰੈਕਟਰ ਜੀਵਨ ਬਾਂਸਲ ਕਾਰਜ ਸਾਧਕ ਅਫਸਰ ਸ੍ਰੀ ਹਰਪ੍ਰੀਤ ਸਿੰਘ ਸੰਧੂ ਨਿਗਰਾਨ ਇੰਜੀਨੀਅਰ ਅਤੁਲ ਸ਼ਰਮਾ ਟਰੱਸਟ ਇੰਜੀਨੀਅਰ ਗੁਰਰਾਜ ਸਿੰਘ, ਸੇਲ ਇੰਚਾਰਜ ਗਗਨਦੀਪ ਸਿੰਘ ਅਤੇ ਸਮੁੱਚੇ ਟਰੱਸਟ ਦੇ ਸਟਾਫ ਮੈਂਬਰ ਆਦਿ ਵੀ ਹਾਜ਼ਰ ਵੀ ਸਨ l