ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਰੁਜ਼ਗਾਰ ਲਈ ਪਿੰਡ ਤੋਂ ਲਗਭਗ 250 ਕਿਲੋਮੀਟਰ ਦੂਰ ਇੱਕ ਸ਼ਹਿਰ ਵਿੱਚ ਰਹਿਣ ਲੱਗ ਪਿਆ। ਕੰਮਕਾਰ ਵਿੱਚ ਇੰਨਾ ਰੁੱਝ ਗਿਆ ਕਿ ਕਈ-ਕਈ ਮਹੀਨੇ ਪਿੰਡ ਜਾਣ ਦਾ ਮੌਕਾ ਨਹੀਂ ਮਿਲਦਾ ਸੀ। ਇਸ ਵਾਰ ਤਕਰੀਬਨ ਪੰਜ ਮਹੀਨੇ ਬਾਅਦ ਜਦੋਂ ਪਿੰਡ ਗਿਆ, ਤਾਂ ਨਾਲ ਦੇ ਪਿੰਡ ਵਿੱਚ ਰਹਿੰਦੇ ਆਪਣੇ ਬਚਪਨ ਦੇ ਸਾਥੀ ਨੂੰ ਮਿਲਣ ਚਲਾ ਗਿਆ। ਮੈਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ। ਗੱਲਾਂ ਕਰਦੇ-ਕਰਦੇ ਅਸੀਂ ਪਿੰਡ ਦੇ ਬੱਸ ਅੱਡੇ ‘ਤੇ ਜਾ ਬੈਠੇ, ਜਿੱਥੇ ਅਸੀਂ ਪਹਿਲਾਂ ਅਕਸਰ ਬੈਠ ਕੇ ਗੱਪਸ਼ਪ ਕਰਦੇ ਸੀ।
ਬੱਸ ਅੱਡੇ ਦੇ ਇੱਕ ਕੋਨੇ ਵਿੱਚ ਮੰਜੇ ‘ਤੇ ਬੈਠੇ ਇੱਕ ਬਜ਼ੁਰਗ ‘ਤੇ ਨਜ਼ਰ ਪਈ। ਆਪਣੇ ਸੁਭਾਅ ਅਨੁਸਾਰ ਮੈਂ ਪੁੱਛ ਲਿਆ, “ਬਜ਼ੁਰਗੋ, ਕੀ ਹਾਲ ਹੈ?”
ਉਸਨੇ ਜਵਾਬ ਦਿੱਤਾ, “ਠੀਕ ਹਾਂ ਪੁੱਤ, ਪਰ ਮੈਂ ਤੈਨੂੰ ਪਛਾਣਿਆ ਨਹੀਂ।”
ਮੈਂ ਹੱਸ ਕੇ ਕਿਹਾ, “ਬਾਪੂ, ਮੈਂ ਵੀ ਤੁਹਾਨੂੰ ਨਹੀਂ ਪਛਾਣਿਆ, ਵੈਸੇ ਹੀ ਬੁਲਾ ਲਿਆ।”
ਉਹ ਸ਼ਾਂਤ ਹੋ ਗਿਆ। ਮੈਂ ਦੱਸਿਆ ਕਿ ਮੈਂ ਨਾਲ ਦੇ ਪਿੰਡ ਤੋਂ ਹਾਂ ਅਤੇ ਆਪਣੇ ਪਿਤਾ ਜੀ ਦਾ ਨਾਮ ਦੱਸਿਆ। ਪਹਿਲਾਂ ਉਹ ਕੁਝ ਸੋਚ ਵਿੱਚ ਪੈ ਗਿਆ, ਪਰ ਜਿਵੇਂ ਹੀ ਮੈਂ ਆਪਣੇ ਦਾਦਾ ਜੀ ਦਾ ਨਾਮ ਲਿਆ, ਉਸਦਾ ਚਿਹਰਾ ਖਿੜ ਗਿਆ। ਉਸਨੇ ਪਿਆਰ ਨਾਲ ਹੱਥ ਵਧਾਇਆ। ਮੈਂ ਅੱਗੇ ਵਧ ਕੇ ਸਿਰ ਝੁਕਾ ਦਿੱਤਾ। ਬਾਪੂ ਨੇ ਮੇਰੇ ਸਿਰ ‘ਤੇ ਹੱਥ ਰੱਖਦੇ ਹੋਏ ਕਿਹਾ, “ਤੇਰਾ ਦਾਦਾ ਮੇਰਾ ਪੁਰਾਣਾ ਦੋਸਤ ਸੀ।”
ਮੈਂ ਪੁੱਛਿਆ, “ਬਾਪੂ, ਤੁਸੀਂ ਇੱਥੇ ਕੀ ਕਰਦੇ ਹੋ? ਘਰ ਕਿਉਂ ਨਹੀਂ ਰਹਿੰਦੇ?”
ਉਸਨੇ ਡੂੰਘੀ ਸਾਹ ਲੈਂਦੇ ਹੋਏ ਕਿਹਾ, “ਕੀ ਦੱਸਾਂ ਪੁੱਤ, ਮੇਰੇ ਦੋ ਪੁੱਤਰ ਹਨ। ਇੱਕ ਨੂੰ ਮੈਂ ਪੈਸਾ ਇਕੱਠਾ ਕਰਕੇ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ, ਪਰ ਉਸਨੇ ਕਦੇ ਮੇਰੀ ਖ਼ਬਰ ਨਹੀਂ ਲਈ। ਦੂਜਾ ਨਸ਼ਿਆਂ ਦੀ ਦਲਦਲ ਵਿੱਚ ਇੰਨਾ ਫਸ ਗਿਆ ਕਿ ਰਿਸ਼ਤੇ-ਨਾਤੇ ਸਭ ਭੁੱਲ ਗਿਆ। ਨਸ਼ੇ ਦੀ ਲਤ ਨੇ ਉਸਨੂੰ ਅੰਨ੍ਹਾ ਕਰ ਦਿੱਤਾ। ਉਸਨੇ ਮੈਨੂੰ ਘਰ ਤੋਂ ਕੱਢ ਦਿੱਤਾ ਅਤੇ ਘਰ ਵੀ ਵੇਚ ਕੇ ਪਤਾ ਨਹੀਂ ਕਿੱਥੇ ਚਲਾ ਗਿਆ। ਇਸ ਉਮਰ ਵਿੱਚ ਮੈਂ ਬੇਵੱਸ ਹਾਂ; ਕੋਈ ਕੰਮਕਾਰ ਵੀ ਨਹੀਂ ਕਰ ਸਕਦਾ। ਇਸ ਲਈ ਬੱਸ ਅੱਡੇ ‘ਤੇ ਹੀ ਰਹਿ ਰਿਹਾ ਹਾਂ। ਨੇੜਲੇ ਘਰਾਂ ਵਾਲੇ ਰੋਟੀ ਦੇ ਜਾਂਦੇ ਹਨ, ਜਿਸ ਨਾਲ ਗੁਜ਼ਾਰਾ ਕਰ ਲੈਂਦਾ ਹਾਂ।” ਇਹ ਕਹਿੰਦੇ ਹੋਏ ਉਸਦੀਆਂ ਅੱਖਾਂ ਨਮ ਹੋ ਗਈਆਂ ।
ਇਹ ਸੁਣ ਕੇ ਮੇਰਾ ਵੀ ਮਨ ਭਰ ਆਇਆ। ਇਨ੍ਹਾਂ ਹੀ ਪਲਾਂ ਵਿੱਚ ਬੱਸ ਦਾ ਹਾਰਨ ਵੱਜਿਆ ਅਤੇ ਮੈਨੂੰ ਰਵਾਨਾ ਹੋਣਾ ਪਿਆ। ਬੱਸ ਵਿੱਚ ਬੈਠਿਆਂ ਮੈਂ ਉਸ ਬੇਸਹਾਰੇ ਪਿਤਾ ਬਾਰੇ ਸੋਚਦਾ ਰਿਹਾ, ਜਿਸਨੂੰ ਉਸ ਦੀ ਆਪਣੀ ਔਲਾਦ ਨੇ ਨਕਾਰ ਦਿੱਤਾ ਸੀ। ਉਹ ਆਪਣੀ ਜ਼ਿੰਦਗੀ ਨੂੰ ਤਰਲਿਆ ਦੇ ਸਹਾਰੇ ਅੱਗੇ ਵਧਾ ਰਿਹਾ ਸੀ।
ਇਹ ਕੇਵਲ ਇੱਕ ਘਰ ਦੀ ਕਹਾਣੀ ਨਹੀਂ ਨਾ ਜਾਣੇ ਕਿੰਨੇ ਮਾਪੇ ਆਪਣੀ ਔਲਾਦ ਦੀ ਬੇਰੁਖ਼ੀ ਅਤੇ ਨਸ਼ਿਆਂ ਦੀ ਮਾਰ ਸਹਿੰਦੇ ਹੋਣਗੇ। ਨਸ਼ਾ ਇਨਸਾਨ ਨੂੰ ਇਸ ਕਦਰ ਅੰਨ੍ਹਾ ਕਰ ਦਿੰਦਾ ਹੈ ਕਿ ਉਸਦੇ ਅੰਦਰੋਂ ਇਨਸਾਨੀਅਤ ਵੀ ਖਤਮ ਹੋ ਜਾਂਦੀ ਹੈ।
ਇਹ ਘਟਨਾ ਅੱਜ ਫਿਰ ਮੇਰੇ ਮਨ ਵਿੱਚ ਘੁੰਮ ਗਈ ਅਤੇ ਮੈਂ ਇਸਨੂੰ ਸ਼ਬਦਾਂ ਵਿੱਚ ਪਰੋ ਦਿੱਤਾ—ਤਾਂ ਜੋ ਸਮਾਜ ਨੂੰ ਸੋਚਣ ਲਈ ਮਜਬੂਰ ਕੀਤਾ ਜਾ ਸਕੇ ਕਿ ਮਾਪਿਆਂ ਦੀ ਸੇਵਾ ਅਤੇ ਸਨਮਾਨ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।
Entertainment