ਮੰਡੀ ਅਰਨੀਵਾਲਾ,
ਨਰਮੇ ਦੀ ਚੁਗਾਈ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਇਸ ਖੇਤਰ ਦੇ ਨਾਲ ਨਾਲ ਨਾਲ ਲੱਗਦੇ ਜਿ਼ਲਿਆਂ ਵਿੱਚੋਂ ਖੇਤ ਮਜ਼ਦੂਰਾਂ ਦਾ ਰਾਜਸਥਾਨ ਵੱਲ ਜਾਣ ਦਾ ਰੁਝਾਨ ਵਧਦਾ ਨਜ਼ਰ ਆ ਰਿਹਾ ਹੈ। ਇਸ ਖੇਤਰ ਨਾਲ ਸਬੰਧਤ ਕਈ ਪਰਿਵਾਰ ਨਰਮੇ ਦੀ ਚੁਗਾਈ ਲਈ ਰਾਜਸਥਾਨ ਦੇ ਬੀਕਾਨੇਰ, ਅਨੂਪਗੜ੍ਹ, ਰਾਵਤਸਰ, ਹਨੂੰਮਾਨਗੜ੍ਹ ਅਤੇ ਹੋਰਨਾਂ ਖੇਤਰਾਂ ਤੱਕ ਪਹੁੰਚਣ ਲੱਗੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਸੀਜ਼ਨ ਦੌਰਾਨ ਉਨ੍ਹਾਂ ਨੂੰ ਵੱਧ ਦਿਨ ਕੰਮ ਮਿਲਣ ਦੀ ਉਮੀਦ ਰਹਿੰਦੀ ਹੈ, ਜਿਸ ਕਾਰਨ ਉਹ ਆਪਣੇ ਪਰਿਵਾਰਾਂ ਸਮੇਤ ਦੂਜੇ ਰਾਜਾਂ ਵੱਲ ਰੁਖ ਕਰਦੇ ਹਨ।
ਮਾਲਵਾ ਖੇਤਰ ਵਿੱਚ ਨਰਮੇ ਦੀ ਫਸਲ ਨਾਲ ਜੁੜੀ ਚੁਗਾਈ ਦਾ ਕੰਮ ਕਈ ਪਿੰਡਾਂ ਦੇ ਖੇਤ ਮਜ਼ਦੂਰਾਂ ਲਈ ਰੋਜ਼ਗਾਰ ਦਾ ਇੱਕ ਅਹਿਮ ਸਾਧਨ ਹੈ। ਇਸ ਖੇਤਰ ਵਿਚ ਚੁਗਾਈ ਦਾ ਕੰਮ ਘੱਟ ਹੁੰਦਾ ਹੈ ਜਾਂ ਮਜ਼ਦੂਰਾਂ ਨੂੰ ਲਗਾਤਾਰ ਕੰਮ ਨਹੀਂ ਮਿਲਦਾ ਤਾਂ ਉਹ ਨੇੜਲੇ ਇਲਾਕਿਆਂ ਤੋਂ ਇਲਾਵਾ ਰਾਜਸਥਾਨ ਵੱਲ ਵੀ ਰੁਖ ਕਰਦੇ ਹਨ।
ਬੀਕਾਨੇਰ ਸਮੇਤ ਰਾਜਸਥਾਨ ਦੇ ਨਰਮਾ ਪੈਦਾ ਕਰਨ ਵਾਲੇ ਇਲਾਕਿਆਂ ਚ ਇਸ ਸਮੇਂ ਚੁਗਾਈ ਲਈ ਮਜ਼ਦੂਰਾਂ ਦੀ ਲੋੜ ਹੋਣ ਕਾਰਨ ਪੰਜਾਬ ਤੋਂ ਵੀ ਮਜ਼ਦੂਰ ਉੱਥੇ ਪਹੁੰਚ ਰਹੇ ਹਨ।ਇੱਥੇ ਜਿੱਥੇ ਨਰਮੇ ਦੀ ਚੁਗਾਈ ਦਾ ਭਾਅ ਜਿਆਦਾ ਹੈ, ਉਥੇ ਹੀ ਮਜ਼ਦੂਰਾਂ ਨੂੰ ਖਾਣ ਪੀਣ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਕਈ ਪਰਿਵਾਰਾਂ ਵੱਲੋਂ ਟੋਲੀਆਂ ਬਣਾ ਕੇ ਜਾਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਰਹਿਣ—ਸਹਿਣ ਦੇ ਖਰਚਿਆਂ ਦੇ ਬਾਵਜੂਦ ਜੇਕਰ ਲਗਾਤਾਰ ਕੰਮ ਮਿਲ ਜਾਵੇ ਤਾਂ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।
ਖੇਤੀਬਾੜੀ ਨਾਲ ਜੁੜੇ ਲੋਕਾਂ ਮੁਤਾਬਕ ਨਰਮੇ ਦੀ ਚੁਗਾਈ ਦਾ ਸੀਜ਼ਨ ਕੁਝ ਸਮੇਂ ਲਈ ਹੀ ਰਹਿੰਦਾ ਹੈ, ਇਸ ਲਈ ਇਸ ਦੌਰਾਨ ਮਜ਼ਦੂਰ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਉਣ ਵਾਲੇ ਦਿਨਾਂ ਚ ਨਰਮੇ ਦੀ ਚੁਗਾਈ ਤੇਜ਼ ਹੋਣ ਨਾਲ ਪੰਜਾਬ ਤੋਂ ਰਾਜਸਥਾਨ ਜਾਣ ਵਾਲੇ ਖੇਤ ਮਜ਼ਦੂਰਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।