74.24 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਖੇਡ ਮੈਦਾਨ ਪਿੰਡ ਵਾਸੀਆਂ ਨੂੰ ਕੀਤੇ ਸਮਰਪਿਤ
ਨੌਜਵਾਨਾਂ ਨੂੰ ਨਸ਼ਿਆਂ, ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨ : ਖੁੱਡੀਆਂ
ਲੰਬੀ/ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ:
ਸੂਬੇ ਵਿੱਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਦੂਜੇ ਚਰਨ ਅਧੀਨ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲੰਬੀ ਹਲਕੇ ਦੇ ਪਿੰਡ ਸਿੱਖਵਾਲਾ ਅਤੇ ਅਸਪਾਲ ਵਿਖੇ 74.24 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਗਏ ਖੇਡ ਮੈਦਾਨਾਂ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਿੱਖਵਾਲਾ ਵਿਖੇ 28 ਲੱਖ ਰੁਪਏ ਅਤੇ ਪਿੰਡ ਅਸਪਾਲ ਵਿਖੇ 46.24 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਇਹ ਖੇਡ ਮੈਦਾਨ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ ਗਏ ਹਨ, ਜਿੱਥੇ ਪਿੰਡ ਦੇ ਵਾਸੀ, ਖਿਡਾਰੀ, ਨੌਜਵਾਨ ਆ ਕੇ ਖੇਡਾਂ ਨਾਲ ਜੁੜਨਗੇ ਅਤੇ ਤੰਦਰੁਸਤ ਰਹਿਣਗੇ।
ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਵਧੀਆ ਖੇਡ ਸਹੂਲਤਾਂ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਪਹਿਲਕਦਮੀ ਨੇ ਖਿਡਾਰੀਆਂ ਲਈ ਬੇਹਤਰੀਨ ਮੰਚ ਸਾਬਤ ਹੋਇਆ ਹੈ ਜਿੱਥੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਆਧੁਨਿਕ ਖੇਡ ਮੈਦਾਨਾਂ ਦੀ ਉਪਲਬਧਤਾ ਨਾਲ ਸਥਾਨਕ ਪੱਧਰ ’ਤੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਆਪਣੇ ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨਾਂ ਵਿੱਚੋਂ ਇੱਕ ਹਨ ਜਿਸ ਲਈ ਜ਼ਮੀਨੀ ਪੱਧਰ ‘ਤੇ ਖੇਡਾਂ ਦਾ ਵਿਕਾਸ ਅਤਿ ਜ਼ਰੂਰੀ ਹੈ।
ਇਸ ਮੌਕੇ ਬੀ.ਡੀ.ਪੀ.ਓ. ਰਾਕੇਸ਼ ਬਿਸ਼ਨੋਈ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਗੁਰਦਿੱਤ ਸਿੰਘ ਔਲਖ, ਚੀਫ ਐਗਰੀਕਲਚਰ ਜਸਵੀਰ ਸਿੰਘ, ਸਰਪੰਚ ਹਰਪਿੰਦਰ ਸਿੰਘ ਹੈਪੀ, ਸਰਪੰਚ ਪਰਮ ਭਾਗੂ, ਹਰਦੀਪ ਰਾਜਪਾਲ, ਚੇਅਰਮੈਨ ਦਰਸ਼ਨ ਲੰਬੀ, ਬਲਾਕ ਪ੍ਰਧਾਨ ਗੁਰਲਾਲ ਮਾਨ, ਹਰਪਿੰਦਰ ਸਿੰਘ ਹੈਪੀ ਸਰਪੰਚ, ਅਮਨਪ੍ਰੀਤ ਸਿੰਘ ਕਲਸੀ, ਪਰਗਟ ਸਿੰਘ ਰਾਜਪਾਲ, ਨਰਿੰਦਰਪਾਲ ਸਿੰਘ ਨਿੰਦਰ ਫ਼ੌਜੀ, ਬਲਜਿੰਦਰ ਸਿੰਘ ਜੰਡੂ, ਰੇਸ਼ਮ ਸਿੰਘ ਬਲਾਕ ਸੰਮਤੀ ਮੈਂਬਰ, ਸਤਪਾਲ ਸਿੰਘ, ਜਗਦੇਵ ਸਿੰਘ ਲੋਟਾ, ਡਾਕਟਰ ਗੁਰਮੀਤ ਸਿੰਘ, ਹਰਦੀਪ ਸਿੰਘ, ਕੱਤਰ ਸਿੰਘ ਲੋਟਾ, ਗੁਰਮੀਤ ਸਿੰਘ ਲੋਟਾ ਅਤੇ ਮੋਹਿਤ ਸੋਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।