ਮਹਿਲਾਵਾਂ ਨੂੰ ਵੰਨ-ਸੁਵੰਨੇ ਤੋਹਫ਼ੇ ਤੇ ਗੁਲਾਬ ਦੇ ਫੁੱਲ ਦੇ ਕੇ ਕੀਤਾ ਸਨਮਾਨਿਤ
ਬਠਿੰਡਾ, 11 ਮਾਰਚ(ਜਗਮੀਤ ਚਹਿਲ)
ਸਟੇਟ ਬੈਂਕ ਆਫ਼ ਇੰਡੀਆ ਆਫ਼ੀਸਰ ਮਹਿਲਾਵਾਂ ਵਲੋਂ ਜ਼ਿਲਾ ਸੇਲਜ਼ ਹੱਬ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲਾ ਸੇਲਜ਼ ਹੱਬ ਦੇ ਚੀਫ਼ ਮੈਨੇਜਰ ਸ਼੍ਰੀ ਐਸ.ਕੇ ਸਿੰਘ ਨੇ ਸਾਰੀਆਂ ਮਹਿਲਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੰਨ-ਸੁਵੰਨੇ ਤੋਹਫ਼ੇ ਅਤੇ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਚੀਫ਼ ਮੈਨੇਜਰ ਸ਼੍ਰੀ ਐਸ.ਕੇ ਸਿੰਘ ਨੇ ਬੋਲਦਿਆਂ ਕਿਹਾ ਕਿ ਸਮਰੱਥ ਔਰਤਾਂ ਤੋਂ ਬਿਨਾਂ ਸਮਾਜ ਤਰੱਕੀ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਉਹ ਨਾਰੀ ਸ਼ਕਤੀ ਨੂੰ ਹਮੇਸ਼ਾ ਸਿਜਦਾ ਕਰਦੇ ਹਾਂ, ਜੋ ਸਾਡੀਆਂ ਧੀਆਂ ਨੂੰ ਨਿੱਤ ਸਫ਼ਲਤਾ ਦੀਆਂ ਉਚਾਈਆਂ ਵੱਲ ਲਿਜਾ ਰਹੀ ਹੈ। ਚੀਫ਼ ਮੈਨੇਜਰ ਨੇ ਕਿਹਾ ਕਿ ਬੱਚੀਆਂ ਸਾਡੇ ਦੇਸ਼ ਦਾ ਭਵਿੱਖ ਹਨ। ਸਾਡੇ ਸਭ ਲਈ ਬੱਚੀਆਂ ਦਾ ਸਤਿਕਾਰ ਕਰਨਾ ਲਾਜ਼ਮੀ ਹੈ।
ਸਮਾਗਮ ਦੌਰਾਨ ਡਿਪਟੀ ਮੈਨੇਜਰ ਸ਼੍ਰੀਮਤੀ ਇੰਦੂ ਬਾਲਾ ਨੇ ਕਿਹਾ ਕਿ ਦੁਨੀਆਂ ਦੇ ਹਰ ਖੇਤਰ ’ਚ ਔਰਤਾਂ ਨੇ ਮੱਲਾਂ ਮਾਰੀਆਂ ਹਨ। ਉਨਾਂ ਕਿਹਾ ਕਿ ਲੜਕੀਆਂ ਨੂੰ ਕਿਸੇ ਗੱਲੋਂ ਘੱਟ ਨਹੀਂ ਸਮਝਣਾ ਚਾਹੀਦਾ। ਹਰ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਅਧਿਕਾਰ ਦੇਣ।
ਇਸ ਮੌਕੇ ਏ.ਜੀ.ਐਮ. ਸ੍ਰੀ ਵਿਜੈ ਕੁਮਾਰ ਗਰਗ ਤੋਂ ਇਲਾਵਾ ਬੈਂਕ ਦੇ ਹੋਰ ਮਹਿਲਾ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।