ਪਾਣੀ ਦੀ ਸਾਂਭ-ਸੰਭਾਲ ਵਿੱਚ ਮਾਣਕਖਾਨੇ ਦੀ ਮਹਿਲਾ ਸਰਪੰਚ ਪਾ ਰਹੀ ਹੈ ਵਡਮੁੱਲਾ ਯੋਗਦਾਨ
ਸਰਪੰਚ ਸ਼ੈਸਨਦੀਪ ਕੌਰ ਨੂੰ ਜ਼ਿਲੇ ਵਿੱਚ ਸਭ ਤੋਂ ਛੋਟੀ ਉਮਰ ਦੀ ਸਰਪੰਚ ਹੋਣ ਦਾ ਹੈ ਮਾਣ ਪ੍ਰਾਪਤ
ਬਠਿੰਡਾ, 5 ਫਰਵਰੀ(ਜਗਮੀਤ ਚਹਿਲ)
ਜ਼ਿਲੇ ਅਧੀਨ ਪੈਂਦੇ ਪਿੰਡ ਮਾਣਕਖਾਨਾ ਦੀ ਨੌਜਵਾਨ ਮਹਿਲਾ ਸਰਪੰਚ ਸ਼ੈਸਨਦੀਪ ਕੌਰ ਵੱਲੋਂ ਪਾਣੀ ਦੀ ਸਾਂਭ-ਸੰਭਾਲ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਬੀ.ਐਸ ਸੀ ਐਗਰੀਕਲਚਰ ਪਾਸ ਇਸ ਮਹਿਲਾ ਸਰਪੰਚ ਨੂੰ ਜਿੱਥੇ ਜ਼ਿਲੇ ਵਿੱਚ ਸਭ ਤੋਂ ਛੋਟੀ ਉਮਰ ਦੀ ਸਰਪੰਚ ਹੋਣ ਦਾ ਮਾਣ ਪ੍ਰਾਪਤ ਹੈ, ਉੱਥੇ ਹੀ ਇਸ ਵੱਲੋਂ ਪਿੰਡ ਦੀ ਭਲਾਈ ਅਤੇ ਵਿਕਾਸ ਕਾਰਜਾਂ ਲਈ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੀ ਹੋਰਨਾ ਪਿੰਡਾਂ ਵਿੱਚ ਵੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਨੌਜਵਾਨ ਮਹਿਲਾ ਸਰਪੰਚ ਸ਼ੈਸਨਦੀਪ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਕਰੀਬ 90-91 ਘਰ ਹਨ ਅਤੇ ਪਿੰਡ ਦੀ ਆਬਾਦੀ ਲਗਭਗ 600 ਦੇ ਕਰੀਬ ਹੈ। ਉਸ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਮਿਲ ਰਹੇ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਪਿੰਡ ਨੂੰ ਸਾਫ-ਸੁਥਰਾ ਰੱਖਣ ਅਤੇ ਪਾਣੀ ਦੀ ਸਾਂਭ-ਸੰਭਾਲ ਲਈ ਪਿੰਡ ਵਿੱਚ ਸੋਲਡ ਵੈਸਟ ਮੇਨੈਜਮੈਂਟ ਤਹਿਤ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ।
ਸਰਪੰਚ ਨੇ ਦੱਸਿਆ ਕਿ ‘ਮਿਸ਼ਨ ਹਰ ਘਰ ਪਾਣੀ ਹਰ ਘਰ ਸਫ਼ਾਈ’ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਪਿੰਡ ਦੇ ਘਰਾਂ ਵਿੱਚ ਮੀਂਹ ਦੇ ਪਾਣੀ ਦੀ ਸੁਚੱਜੀ ਸੰਭਾਲ ਲਈ ਰੇਨ ਵਾਟਰ ਹਾਰਵੈਂਸਟਿੰਗ ਸਿਸਟਮ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਪਿੰਡ ਦੇ ਕਰੀਬ 90 ਮਗਨਰੇਗਾ ਕਾਰਡ ਹੋਲਡਰਾਂ ਦੀ ਚੋਣ ਕੀਤੀ ਗਈ ਹੈ। ਜਿਸ ਤਹਿਤ ਇਨਾਂ ਮਗਨਰੇਗਾ ਕਾਰਡ ਹੋਲਡਰਾਂ ਦੇ ਘਰਾਂ ਵਿਚਲੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਡੱਗ ਪੁੱਟ ਕੇ ਫਿਲਟਰ ਰਾਹੀਂ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ ।
ਇਸ ਸਬੰਧੀ ਪਿੰਡ ਦੇ ਵਸਨੀਕ ਲਖਵੀਰ ਸਿੰਘ ਅਤੇ ਨਛੱਤਰ ਸਿੰਘ ਨੇ ਹੋਰ ਦੱਸਿਆ ਕਿ ਇਸ ਸਕੀਮ ਨਾਲ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨਾਲ ਜਿੱਥੇ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਹੋ ਰਹੀ ਹੈ, ਉੱਥੇ ਮੀਂਹ ਦਾ ਪਾਣੀ ਗਲੀਆਂ ਵਿੱਚ ਖੜਣ ਦੀ ਬਜਾਏ ਧਰਤੀ ਵਿੱਚ ਹੀ ਸਮੋਹ ਜਾਂਦਾ ਹੈ। ਇਸ ਨਾਲ ਮੀਂਹ ਤੋਂ ਬਾਅਦ ਪਿੰਡ ਵਿੱਚ ਕਿਧਰੇ ਵੀ ਪਾਣੀ ਅਤੇ ਚਿੱਕੜ ਨਹੀਂ ਦਿੱਸਦਾ ।