25 ਜਨਵਰੀ ਨੂੰ ਈ-ਐਪਿਕ ਦੀ ਹੋਵੇਗੀ ਰਸਮੀ ਸ਼ੁਰੂਆਤ-ਜ਼ਿਲਾ ਚੋਣ ਅਫ਼ਸਰ
ਬਠਿੰਡਾ, 23 ਜਨਵਰੀ(ਜਗਮੀਤ ਚਹਿਲ)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਨਾਂ ਵੋਟਰਾਂ ਨੇ ਸਰਸਰੀ ਸੁਧਾਈ 2021 ਦੌਰਾਨ ਯੂਨੀਕ ਮੋਬਾਇਲ ਨੰਬਰ ਦਰਜ਼ ਕਰਵਾਇਆ ਹੈ, ਉਹ ਆਪਣਾ ਈ-ਐਪਿਕ ਵੋਟਰ ਸ਼ਨਾਖ਼ਤੀ ਕਾਰਡ ਡਾਊਨਲੋਡ ਕਰ ਸਕਦਾ ਹੈ। ਇਸ ਲਈ ਕੇਵਲ ਨਵੇਂ ਵੋਟਰ ਆਪਣਾ ਵੋਟਰ ਕਾਰਡ 25 ਤੋਂ 31 ਜਨਵਰੀ ਤੱਕ ਡਾਊਨਲੋਡ ਕਰ ਸਕਦੇ ਹਨ। ਇੱਕ ਫ਼ਰਵਰੀ ਤੋਂ ਬਾਅਦ ਸਾਰੇ ਰਜਿਸਟਰਡ ਵੋਟਰ ਜਿਨਾਂ ਦਾ ਮੋਬਾਇਲ ਨੰਬਰ ਯੂਨੀਕ ਹੈ, ਆਪਣੇ ਈ-ਐਪਿਕ ਵੋਟਰ ਸ਼ਨਾਖ਼ਤੀ ਕਾਰਡ ਡਾਊਨਲੋਡ ਕਰ ਸਕਦੇ ਹਨ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਸਨ ਨੇ ਸਾਂਝੀ ਕੀਤੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨਰ ਵਲੋਂ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਈ-ਐਪਿਕ ਦੀ ਰਸਮੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਸਮੂਹ ਪੋਿਗ ਸਟੇਸ਼ਨਾਂ ’ਤੇ ਬੂਥ ਲੈਵਲ ਅਫ਼ਸਰਾਂ ਵਲੋਂ 5-5 ਨਵੇਂ ਵੋਟਰਾਂ ਦੇ ਈ-ਐਪਿਕ ਵੋਟਰ ਸ਼ਨਾਖ਼ਤੀ ਕਾਰਡ ਡਾਊਨਲੋਡ ਕਰਵਾਏ ਜਾਣਗੇ। ਇਸ ਤੋਂ ਇਲਾਵਾ ਪੀ.ਵੀ.ਸੀ. ਵੋਟਰ ਸ਼ਨਾਖ਼ਤੀ ਕਾਰਡ ਵੀ ਪਹਿਲਾਂ ਦੀ ਤਰਾਂ ਹੀ ਜਾਰੀ ਕੀਤੇ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਚੋਣਾਂ ਸ਼੍ਰੀ ਭਾਰਤ ਭੂਸ਼ਣ ਬਾਂਸਲ ਨੇ ਦੱਸਿਆ ਕਿ ਈ-ਈ.ਪੀ.ਆਈ.ਸੀ. ਇੱਕ ਨਾਨ-ਐਡਿਟੇਬਲ ਪੋਰਟੇਬਲ ਡਾਕੂਮੈਂਟ ਫਾਰਮੈਟ (ਪੀ.ਡੀ.ਐਫ਼) ਦਾ ਰੂਪ ਹੈ। ਇਹ ਮੋਬਾਇਲ ਜਾਂ ਸੈਲਫ਼-ਪਿ੍ਰੰਟੇਬਲ ਰੂਪ ਵਿਚ ਕੰਪਿਊਟਰ ਉੱਪਰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਨਾਲ ਵੋਟਰ ਆਪਣਾ ਕਾਰਡ ਆਪਣੇ ਮੋਬਾਇਲ ’ਤੇ ਸਟੋਰ ਕਰਨ ਤੋਂ ਇਲਾਵਾ ਡਿਜੀ ਲਾਕਰ ’ਤੇ ਅਪਲੋਡ ਕਰਕੇ ਪਿ੍ਰੰਟ ਵੀ ਕਰ ਸਕਦਾ ਹੈ।
ਉਨਾਂ ਹੋਰ ਦੱਸਿਆ ਕਿ ਇਸ ਕਾਰਡ ’ਚ ਤਸਵੀਰ ਸਮੇਤ ਸੁਰੱਖਿਅਤ ਕਿਊ.ਆਰ.ਕੋਡ ਅਤੇ ਲੜੀ ਤੇ ਪਾਰਟ ਨੰਬਰ ਆਦਿ ਹੋਣਗੇ। ਸ਼ੁਰੂਆਤੀ ਪੜਾਅ ਵਿਚ ਚੋਣਾਂ ਵਾਲੇ ਰਾਜਾਂ ਲਈ ਕਾਰਡ ’ਚ ਵਿਸ਼ੇਸ਼ ਸਹੂਲਤ ਹੋਵੇਗੀ। ਨਾਗਰਿਕ ਕਿਸੇ ਵੀ ਆਨ ਲਾਇਨ ਪਲੇਟਫ਼ਾਰਮ ਦੀ ਵਰਤੋਂ ਕਰਕੇ ਆਸਾਨੀ ਨਾਲ ਈ-ਈ.ਪੀ.ਆਈ.ਸੀ. ਡਾਊਨਲੋਡ ਕਰ ਸਕਦੇ ਹਨ। ਇਸ ਨੂੰ ਵੋਟਰ ਹੈਲਪ ਲਾਈਨ ਮੋਬਾਇਲ ਐਪ (ਐਂਡਰਾਇਡ/ਆਈ.ਓ.ਐਸ.), ’ਤੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।