You are currently viewing ਸੂਬੇ ਦੀ ਅਮਨ-ਸ਼ਾਂਤੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਮੇਰੇ ਖਿਲਾਫ਼ ਕੂੜ ਪ੍ਰਚਾਰ ਕਰ ਰਹੀਆਂ-ਮੁੱਖ ਮੰਤਰੀ*

ਸੂਬੇ ਦੀ ਅਮਨ-ਸ਼ਾਂਤੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਮੇਰੇ ਖਿਲਾਫ਼ ਕੂੜ ਪ੍ਰਚਾਰ ਕਰ ਰਹੀਆਂ-ਮੁੱਖ ਮੰਤਰੀ*

*ਸੂਬੇ ਦੀ ਅਮਨ-ਸ਼ਾਂਤੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਮੇਰੇ ਖਿਲਾਫ਼ ਕੂੜ ਪ੍ਰਚਾਰ ਕਰ ਰਹੀਆਂ-ਮੁੱਖ ਮੰਤਰੀ*

*ਗੁੰਮਰਾਹਕੁਨ ਅਤੇ ਬੇਬੁਨਿਆਦ ਪ੍ਰਚਾਰ ਲਈ ਵਿਰੋਧੀ ਧਿਰ ਦੀ ਸਖ਼ਤ ਅਲੋਚਨਾ*

*ਸੁਖਬੀਰ ਤਾਂ ਕੱਦੂ ਅਤੇ ਲੌਕੀ ਦਾ ਫਰਕ ਵੀ ਨਹੀਂ ਦੱਸ ਸਕਦਾ*

*ਪੰਚਾਇਤੀ ਚੋਣਾਂ ਵਿੱਚ ਸੂਝਵਾਨ ਅਤੇ ਇਮਾਨਦਾਰ ਲੋਕਾਂ ਨੂੰ ਚੁਣਨ ਦਾ ਸੱਦਾ*

*ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ ਸਰਕਾਰ*

*ਚਾਉਕੇ (ਬਠਿੰਡਾ), 23 ਸਤੰਬਰ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਉਸ ਦੇ ਖਿਲਾਫ਼ ਬੇਬੁਨਿਆਦ ਅਫਵਾਹਾਂ ਫੈਲਾ ਰਹੀਆਂ ਹਨ ਤਾਂ ਕਿ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹਿਆ ਜਾ ਸਕੇ।
ਅੱਜ ਇੱਥੇ ਸੂਬੇ ਦੇ 30 ਆਮ ਆਦਮੀ ਕਲੀਨਿਕ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਖੁਸ਼ਹਾਲੀ ਅਤੇ ਸੂਬੇ ਦੀ ਭਲਾਈ ਲਈ ਉਹ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ ਪਰ ਕੁਝ ਸਿਆਸੀ ਲੀਡਰਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਜਿਸ ਕਰਕੇ ਉਹ ਵਾਰ-ਵਾਰ ਮੇਰੇ ਖਿਲਾਫ਼ ਜ਼ਹਿਰ ਉਗਲ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਘਟੀਆ ਹੱਥਕੰਡੇ ਉਸ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ ਅਤੇ ਉਹ ਸੂਬੇ ਦੇ ਵਿਕਾਸ ਲਈ ਇਸ ਨੇਕ ਕਾਰਜ ਵਿੱਚ ਸਮਰਪਿਤ ਭਾਵਨਾ ਨਾਲ ਜੁਟੇ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿੱਚ ਰਹਿਣ ਵਾਲੇ ਉਨ੍ਹਾਂ ਤੋਂ ਪਹਿਲੇ ਸਿਆਸੀ ਲੀਡਰਾਂ ਨੇ ਕਦੇ ਵੀ ਸੂਬੇ ਜਾਂ ਇੱਥੋਂ ਦੇ ਲੋਕਾਂ ਦਾ ਕੋਈ ਫਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹੰਕਾਰੀ ਆਗੂਆਂ ਨੇ ਹਮੇਸ਼ਾ ਸੂਬੇ ਲਈ ਕੰਮ ਕਰਨ ਦੀ ਬਜਾਏ ਆਪਣੇ ਨਿੱਜੀ ਮੁਫਾਦ ਅਤੇ ਪਰਿਵਾਰਵਾਦ ਨੂੰ ਤਰਜੀਹ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਇਹ ਰਵੱਈਆ ਪੰਜਾਬ ਅਤੇ ਇਸ ਦੇ ਲੋਕਾਂ ਲਈ ਬਹੁਤ ਘਾਤਕ ਸਿੱਧ ਹੋਇਆ।
ਮੁੱਖ ਮੰਤਰੀ ਨੇ ਕਿਹਾ, “ਰਵਾਇਤੀ ਪਾਰਟੀਆਂ ਮੇਰੇ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਮੈਂ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹਾਂ। ਇਹ ਆਗੂ ਸੱਤਾ ਵਿੱਚ ਬਣੇ ਰਹਿਣ ਦਾ ਆਪਣਾ ਬੁਨਿਆਦੀ ਹੱਕ ਸਮਝਦੇ ਸਨ ਜਿਸ ਕਾਰਨ ਇਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਆਦਮੀ ਸੂਬੇ ਦਾ ਸ਼ਾਸਨਕਾਲ ਏਨੇ ਬਿਹਤਰ ਢੰਗ ਨਾਲ ਕਿਵੇਂ ਚਲਾ ਰਿਹਾ ਹੈ। ਇਨ੍ਹਾਂ ਸਿਆਸਤਦਾਨਾਂ ਨੇ ਲੰਮਾ ਸਮਾਂ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆਉਣਗੇ।”
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਸਰਮਾਇਆ ਇਕੱਠਾ ਕੀਤਾ ਅਤੇ ਵੱਡੇ-ਵੱਡੇ ਮਹਿਲ ਉਸਾਰ ਲਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਲਾਂ ਦੀਆਂ ਕੰਧਾਂ ਉੱਚੀਆਂ ਹਨ ਅਤੇ ਦਰਵਾਜ਼ੇ ਆਮ ਤੌਰ ’ਤੇ ਲੋਕਾਂ ਲਈ ਬੰਦ ਰਹਿੰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਲੋਕਾਂ ਦੀ ਪਹੁੰਚ ਤੋਂ ਦੂਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਨੇ ਬਾਹਰ ਦਾ ਰਸਤਾ ਵਿਖਾਇਆ।
ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਵਾਗਡੋਰ ਸੰਭਾਲਣ ਦੇ ਬਾਵਜੂਦ ਸਾਬਕਾ ਉਪ ਮੁੱਖ ਮੰਤਰੀ ਸੂਬੇ ਦੀ ਭੂਗੋਲਿਕ ਸਥਿਤੀ ਤੋਂ ਅਣਜਾਣ ਹਨ। ਉਨ੍ਹਾਂ ਵਿਅੰਗ ਕਰਦਿਆਂ ਕਿਹਾ, “ਸਭ ਕੁਝ ਛੱਡ ਦਿਓ, ਸੁਖਬੀਰ ਨੂੰ ਕੱਦੂ ਅਤੇ ਲੌਕੀ ਵਿਚਲੇ ਮੂਲ ਫਰਕ ਦਾ ਵੀ ਪਤਾ ਨਹੀਂ ਹੈ।” ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਆਗੂਆਂ ਨੇ ਕਈ ਸਾਲਾਂ ਤੋਂ ਲੋਕਾਂ ਨੂੰ ਬੇਵਕੂਫ ਬਣਾਇਆ ਹੈ ਪਰ ਹੁਣ ਆਮ ਲੋਕਾਂ ਨੇ ਆਪਣੀ ਹੀ ਸਰਕਾਰ ਨੂੰ ਵੋਟਾਂ ਪਾ ਕੇ ਸੱਤਾ ਵਿਚ ਲਿਆਂਦਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਸੂਬੇ ਵਿੱਚ ਉਲਟਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ 44000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਜਿਸ ਨਾਲ ਨੌਜਵਾਨ ਜੋ ਪਹਿਲਾਂ ਵਿਦੇਸ਼ ਗਏ ਸਨ, ਉਹ ਨੌਕਰੀਆਂ ਲੈਣ ਲਈ ਵਤਨ ਵਾਪਸੀ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਵਾਰ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਨੌਜਵਾਨਾਂ ਦੇ ਦਾਖ਼ਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਿੱਜੀ ਕੰਪਨੀ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਅਲਾਟ ਕੀਤੀ ਗਈ ਪਛਵਾੜਾ ਕੋਲਾ ਖਾਣ ਵਿੱਚੋਂ ਕੋਲੇ ਦੀ ਵਰਤੋਂ ਸਿਰਫ਼ ਸਰਕਾਰੀ ਪਾਵਰ ਪਲਾਂਟਾਂ ਲਈ ਹੀ ਕੀਤੀ ਜਾ ਸਕਦੀ ਹੈ, ਇਸ ਲਈ ਇਸ ਪਾਵਰ ਪਲਾਂਟ ਦੀ ਖਰੀਦ ਨਾਲ ਇਸ ਕੋਲੇ ਦੀ ਵਰਤੋਂ ਸੂਬੇ ਦੇ ਹਰ ਸੈਕਟਰ ਨੂੰ ਬਿਜਲੀ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਕਾਰਨ ਸੂਬੇ ਦੇ 90 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਆ ਰਿਹਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕਿਸਾਨ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ, ਉਸ ਸਮੇਂ ਸਿਰਫ਼ 21 ਫੀਸਦੀ ਨਹਿਰੀ ਪਾਣੀ ਹੀ ਵਰਤਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਅੱਜ 72 ਫੀਸਦੀ ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਵੀਂ ਕੰਢੀ ਨਹਿਰ ਬਣਾਈ ਜਾ ਰਹੀ ਹੈ ਜਿਸ ਨਾਲ 11,000 ਏਕੜ ਰਕਬੇ ਨੂੰ ਫਾਇਦਾ ਹੋਵੇਗਾ ਅਤੇ ਧਾਰ ਕਲਾਂ ਵਿਖੇ 206 ਮੈਗਾਵਾਟ ਡੈਮ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਮਾਲਵਾ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ‘ਤੇ ਹੈ ਕਿ ਇਸ ਤੋਂ ਪਹਿਲਾਂ ਸੂਬੇ ਦੀ ਕਿਸੇ ਵੀ ਸਰਕਾਰ ਨੇ ਇਸ ਲੋੜ ਵੱਲ ਧਿਆਨ ਨਹੀਂ ਦਿੱਤਾ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਲਗਭਗ 150 ਕਿਲੋਮੀਟਰ ਲੰਬੀ ਇਹ ਨਵੀਂ ਨਹਿਰ ਸੂਬੇ ਖਾਸ ਕਰਕੇ ਮਾਲਵਾ ਖੇਤਰ ਵਿੱਚ ਬੇਮਿਸਾਲ ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਅਤੇ ਸੂਬਾ ਸਰਕਾਰ ਇਸ ਵੱਕਾਰੀ ਪ੍ਰੋਜੈਕਟ ‘ਤੇ ਲਗਭਗ 2300 ਕਰੋੜ ਰੁਪਏ ਖਰਚ ਕਰੇਗੀ ਜੋ ਲਗਪਗ 2 ਲੱਖ ਏਕੜ ਰਕਬੇ ਦੀਆਂ ਸਿੰਚਾਈ ਲੋਕਾਂ ਨੂੰ ਪੂਰਾ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਚੰਡੀਗੜ੍ਹ ਦੇ ਗੇੜੇ ਨਹੀਂ ਲਾਉਣੇ ਪੈਂਦੇ ਕਿਉਂਕਿ ਸਰਕਾਰ ਖੁਦ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਰਾਹੀਂ ਉਨ੍ਹਾਂ ਕੋਲ ਆ ਕੇ ਮੌਕੇ ’ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਹੋ ਰਿਹਾ ਹੈ, ਸਗੋਂ ਸੂਬਾ ਸਰਕਾਰ ਦੀਆਂ ਨੀਤੀਆਂ ਸਬੰਧੀ ਜ਼ਮੀਨੀ ਪੱਧਰ ਦੀ ਫੀਡਬੈਕ ਹਾਸਲ ਕਰਨ ਦਾ ਢੁਕਵਾਂ ਮੰਚ ਸਾਬਤ ਹੋ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਭਲਾਈ ਲਈ ਅਜਿਹੇ ਹੋਰ ਲੋਕ ਪੱਖੀ ਉਪਰਾਲੇ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਜਲਦੀ ਹੀ ਹੋਣਗੀਆਂ ਅਤੇ ਇਹ ਉਮੀਦਵਾਰ ਬਿਨਾਂ ਪਾਰਟੀ ਚੋਣ ਨਿਸ਼ਾਨ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ਵਿੱਚ ਧੜੇਬੰਦੀ ਖ਼ਤਮ ਹੋਵੇਗੀ ਅਤੇ ਪੇਂਡੂ ਖੇਤਰਾਂ ਦਾ ਸਰਬਪੱਖੀ ਵਿਕਾਸ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਡੇਰੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨਾਂ ‘ਤੇ ਚੋਣ ਲੜਨ ਤੋਂ ਰੋਕਣ ਦਾ ਵੱਡਾ ਫੈਸਲਾ ਲਿਆ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਹੜਾ ਵੀ ਪਿੰਡ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰੇਗਾ, ਉਸ ਨੂੰ ਸਟੇਡੀਅਮ, ਸਕੂਲ ਜਾਂ ਹਸਪਤਾਲ ਸਮੇਤ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਜਿਸ ਲਈ ਸੂਝਵਾਨ ਅਤੇ ਇਮਾਨਦਾਰ ਲੋਕਾਂ ਨੂੰ ਚੁਣਿਆ ਜਾਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਕਿ ਸੂਬਾ ਸਰਕਾਰ ਦੇ ਇਨ੍ਹਾਂ ਯਤਨਾਂ ਦੇ ਲੋੜੀਂਦੇ ਨਤੀਜੇ ਸਾਹਮਣੇ ਆਉਣਗੇ ਅਤੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।
—-