ਵਿੱਤ ਮੰਤਰੀ ਨੇ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਜਾ ਕੇ ਲੋਹੜੀ ਦੀ ਦਿੱਤੀ ਵਧਾਈ
ਬਠਿੰਡਾ, 13 ਜਨਵਰੀ (ਜਗਮੀਤ ਚਹਿਲ )– ਹਰ ਮਾਂ-ਬਾਪ ਨੰੂ ਆਪਣੀਆਂ ਧੀਆਂ ਤੇ ਬੇਹੱਦ ਮਾਣ ਹੋਣਾ ਚਾਹੀਦਾ ਹੈ। ਧੀਆਂ ਨੇ ਹਰ ਖੇਤਰ ਵਿੱਚ ਆਪਣਾ ਨਾਮ ਚਮਕਾਇਆ ਹੈ। ਧੀਆਂ ਨੇ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹਮੇਸ਼ਾ ਜਿੱਤ ਦੇ ਝੰਡੇ ਗੱਡੇ ਨੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ’ਚ ਵੱਖ-ਵੱਖ ਥਾਵਾਂ ਤੇ ਮਨਾਈ ਗਈ ਲੋਹੜੀ ਦੇ ਸਮਾਗਮਾਂ ’ਚ ਸ਼ਿਰਕਤ ਕਰਨ ਮੌਕੇ ਕੀਤਾ।
ਵਿੱਤ ਮੰਤਰੀ ਸ.ਬਾਦਲ ਨੇ ਸ਼ਹਿਰ ਵਾਸੀਆਂ ਨੰੂ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਧੀ ਕਿਸੇ ਵੀ ਖੇਤਰ ਵਿੱਚ ਪੁੱਤਾਂ ਤੋਂ ਘੱਟ ਨਹੀਂ ਹੈ। ਸਮਾਜਿਕ ਤਿਉਹਾਰ ਲੋਹੜੀ ਮੌਕੇ ਧੀਆਂ ਨੰੂ ਵੀ ਉਨਾਂ ਹੀ ਹੱਕ ਹੈ ਜਿਨਾਂ ਕਿ ਪੁੱਤਾਂ ਨੰੂ, ਇਸ ਕਰਕੇ ਹਰ ਮਾਂ-ਬਾਪ ਅਤੇ ਪਰਿਵਾਰ ਨੰੂ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ। ਇਸ ਨਾਲ ਜਿੱਥੇ ਧੀਆਂ ਦੇ ਮਨੋਬਲ ਵਿੱਚ ਵਾਧਾ ਹੋਵੇਗਾ ਉੱਥੇ ਹੀ ਉਨਾਂ ਦੀ ਹੋਦ ਦਾ ਸਤਿਕਾਰ ਵੀ ਵੱਧੇਗਾ।
ਲੋਹੜੀ ਦੇ ਸਮਾਗਮ ਮੌਕੇ ਵਿੱਤ ਮੰਤਰੀ ਸ.ਬਾਦਲ ਵੱਲੋਂ ਇੱਥੋਂ ਦੇ ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਐਸ.ਐਸ.ਡੀ ਸਕੂਲ ਆਦਿ ਥਾਵਾਂ ਤੇ ਮਨਾਈ ਗਈ ਲੋਹੜੀ ਦੇ ਸਮਾਗਮਾਂ ’ਚ ਸ਼ਿਰਕਤ ਕਰਕੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਗਈਆ। ਉਨਾਂ ਨਾਲ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ ਗਈ।
ਇਸ ਦੌਰਾਨ ਵਿੱਤ ਮੰਤਰੀ ਵੱਲੋਂ ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਵਿੱਤ ਮੰਤਰੀ ਵੱਲੋਂ ਇੱਥੋਂ ਦੇ ਕੁਸ਼ਟ ਆਸ਼ਰਮ ਵਿਖੇ ਜਾ ਕੇ ਲੋਹੜੀ ਦੀ ਖੁਸ਼ੀ ਸਾਂਝੀ ਕਰਦਿਆਂ ਲੋੜਵੰਦਾਂ ਨੰੂ ਕੰਬਲ ਵੀ ਵੰਡੇ ਗਏ।
ਦੌਰੇ ਦੌਰਾਨ ਵਿੱਤ ਮੰਤਰੀ ਵੱਲੋਂ ਆਪਣੇ ਬਠਿੰਡਾ ਵਿਖੇ ਸਥਿਤ ਦਫ਼ਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਮੌਕੇ ਉਨਾਂ ਵੱਲੋਂ ਜਾਇਜ਼ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।
ਇਸ ਮੌਕੇ ਸ੍ਰੀ ਅਰੁਣ ਵਧਾਵਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕੇ.ਕੇ.ਅਗਰਵਾਲ , ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ.ਜਗਰੂਪ ਸਿੰਘ ਗਿੱਲ, ਸ੍ਰੀ ਪਵਨ ਮਾਨੀ, ਸ੍ਰੀ ਰਾਜਨ ਗਰਗ, ਸ੍ਰੀ ਅਨਿਲ ਭੋਲਾ, ਸ੍ਰੀ ਤਰਸੇਮ ਠੇਕੇਦਾਰ ਅਤੇ ਸ੍ਰੀ ਬਲਜਿੰਦਰ ਠੇਕੇਦਾਰ ਆਦਿ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।