Latest news

ਸਿੱਖਿਆ ਸਕੱਤਰ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਹੱਲਾਸ਼ੇਰੀ

ਸਿੱਖਿਆ ਸਕੱਤਰ ਦਾ ਬਠਿੰਡਾ,ਮਾਨਸਾ ਜ਼ਿਲ੍ਹਿਆਂ ਦਾ ਦੌਰਾ 

ਬਠਿੰਡਾ 23 ਜਨਵਰੀ:(ਜਗਮੀਤ ਚਹਿਲ) 

ਕਰੋਨਾ ਦੇ ਔਖੇ ਸੰਕਟ ਤੋਂ ਬਾਅਦ ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਹੋਰ ਗੰਭੀਰ ਹੋਣ ਲੱਗਿਆ ਹੈ,ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਬਾਅਦ ਅੱਜ ਸਾਰਾ ਦਿਨ ਮਾਲਵਾ ਪੱਟੀ ਦੇ ਵੱਖ ਵੱਖ ਸਕੂਲਾਂ ਦੇ ਦੌਰੇ ਦੌਰਾਨ ਸਕੂਲ ਮੁਖੀਆਂ,ਅਧਿਆਪਕਾਂ ਅਤੇ ਬਾਅਦ ਵਿੱਚ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਮਾਨਸਾ,ਬਠਿੰਡਾ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਅਤੇ ਸਿੱਖਿਆ ਸੁਧਾਰ ਟੀਮਾਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਅਤੇ ਹੋਰਨਾਂ ਟੀਚਿਆਂ ਦੀ ਪੂਰਤੀ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਮੀਟਿੰਗ ਤੋਂ ਪਹਿਲਾ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਾਗੀਵਾਂਦਰ, ਸੈਕੰਡਰੀ ਸਕੂਲ ਭਾਗੀਵਾਂਦਰ,ਨਰੂਆਣਾ, ਘੁੱਦਾ ਅਤੇ ਮਾਨਸਾ ਜ਼ਿਲ੍ਹੇ ਦੇ ਮੂਸਾ ਅਤੇ ਸੱਦਾ ਸਿੰਘ ਵਾਲਾ ਵਿਖੇ ਅਧਿਆਪਕਾਂ ਨਾਲ ਮਿਸ਼ਨ ਸਤ ਪ੍ਰਤੀਸ਼ਤ ਅਤੇ ਹੋਰਨਾਂ ਮੁੱਦਿਆਂ ਤੇ ਗੱਲਬਾਤ ਕੀਤੀ ਅਤੇ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੱਤੀ ।

ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਸ਼ਤ-ਪ੍ਰਤੀਸ਼ਤ 2021 ਦਾ ਆਗਾਜ਼ ਕੀਤਾ ਗਿਆ ਸੀ। ਇਸਦਾ ਮਨੋਰਥ 100 ਫੀਸਦੀ ਵਿਦਿਆਰਥੀ ਪਾਸ ਹੋਣ ਅਤੇ ਵੱਧ ਤੋਂ ਵੱਧ ਵਿਦਿਆਰਥੀ 90 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ। ਇਸਦੇ ਨਾਲ ਹੀ ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਦੀ ਵੇਟੇਡ ਐਵਰੇਜ਼ ਵੀ ਵੱਧ ਹੋਵੇ। ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕੋਵਿਡ-19 ਦੇ ਔਖੇ ਸਮੇਂ ਚ ਅਨੇਕਾਂ ਚਣੌਤੀਆਂ ਦੇ ਬਾਵਜੂਦ ਘਰ ਬੈਠੇ ਬੱਚਿਆਂ ਲਈ ਆਨਲਾਈਨ ਸਿੱਖਿਆ ਦੇ ਹਰ ਉਪਰਾਲੇ ਕੀਤੇ ਹਨ। ਉਨ੍ਹਾਂ ਹਾਈਟੈੱਕ ਤਕਨੀਕਾਂ, ਰੇਡੀਓ, ਟੀ ਵੀ ਚੈੱਨਲਾਂ ਰਾਹੀਂ ਸ਼ੁਰੂ ਕੀਤੀ ਆਨਲਾਈਨ ਸਿੱਖਿਆ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਵੱਡਾ ਯੋਗਦਾਨ ਪਾਇਆ। ਅਧਿਆਪਕਾਂ ਦੀ ਮਿਹਨਤ ਸਦਕਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਿਆ, ਜਿੱਥੇ ਨਾ ਸਿਰਫ ਆਨਲਾਈਨ ਸਿੱਖਿਆ ਚ ਪਹਿਲਕਦਮੀ ਕੀਤੀ ਗਈ,ਸਗੋਂ 15 ਪ੍ਰਤੀਸ਼ਤ ਦੇ ਕਰੀਬ ਦਾਖਲਿਆਂ ਦੇ ਰਿਕਾਰਡ ਵਾਧੇ ਨਾਲ ਮਾਪਿਆਂ ਦਾ ਵੱਡਾ ਭਰੋਸਾ ਜਿੱਤਿਆ। ਇਸ ਸਮੇਂ ਦੌਰਾਨ ਹੀ ਦੌਰਾਨ ਵਿਭਾਗ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਸਫ਼ਲਤਾਪੂਰਵਕ ਨਤੀਜੇ ਦੇਣ ਲਈ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਮਿਡ-ਡੇ-ਮੀਲ ਵਰਕਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤੇ ਸੱਜਣਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਸ ਤੋਂ ਇਲਾਵਾ ਈਚ ਵਨ, ਬਰਿੰਗ ਵਨ ਮੁਹਿੰਮ, ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਸ਼ਮੂਲੀਅਤ ਅਤੇ ਸ਼ਾਨਦਾਰ ਕਾਰਗੁਜ਼ਾਰੀ, ਬੱਚਿਆਂ ਨੂੰ ਘਰ ਬੈਠੇ ਸਿੱਖਿਆ ਦੇਣ ਲਈ ਪੰਜਾਬ ਐਜੂਕੇਅਰ ਐਪ ਅਤੇ ਆਨਲਾਈਨ ਵਰਚੁਅਲ ਜਮਾਤਾਂ, ਬੁੱਕ ਬੈਂਕਾਂ ਅਤੇ ਨਵੀਆਂ ਪਾਠਕ੍ਰਮ ਦੀਆਂ ਕਿਤਾਬਾਂ ਦੀ ਸਮੇਂ ‘ਤੇ ਵੰਡ, ਮਾਪੇ ਅਧਿਆਪਕ ਵਰਚੁਅਲ ਅਤੇ ਆਫ਼ਲਾਈਨ ਮਿਲਣੀਆਂ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਉਤਸ਼ਾਹਿਤ ਕਰਨਾ, ਸਕੂਲਾਂ ਨੂੰ ਸਮਾਰਟ ਬਣਾਉਣ, ਫਰਨੀਚਰ ਨੂੰ ਸੰਭਾਲਣ ਅਤੇ ਸੰਵਾਰਨ ਲਈ ਕੀਤੇ ਉਪਰਾਲੇ, ਹਫ਼ਤਾਵਾਰੀ ਅਤੇ ਦੋਮਾਹੀ ਟੈਸਟਾਂ ਦਾ ਆਯੋਜਨ ਅਤੇ ਮੁਲਾਂਕਣ ਕਰਕੇ ਵਿਦਿਆਰਥੀਆਂ ਦੀ ਅਗਵਾਈ ਕਰਨਾ, ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿੱਚ ਲੱਖਾਂ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਕੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਕਾਰਜ ਪ੍ਰਸ਼ੰਸਾਯੋਗ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮਾਂ ਸਬੰਧੀ ਸਿੱਖਿਆ ਵਿਭਾਗ ਵੱਲੋਂ 11 ਵੰਨਗੀਆਂ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ ਹਨ ਜਿਸ ਵਿੱਚ 3 ਲੱਖ 60 ਹਜ਼ਾਰ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਸ਼ਰਧਾ-ਭਾਵਨਾ ਨਾਲ ਭਾਗ ਲਿਆ ਹੈ। ਇਸ ਤੋਂ ਇਲਾਵਾ ਕੌਮੀ ਪ੍ਰਤਿਭਾ ਖੋਜ ਪ੍ਰੀਖਿਆਵਾਂ, ਐੱਨ.ਐੱਮ.ਐੱਮ.ਐੱਸ. ਅਤੇ ਪੀ.ਐੱਸ.ਟੀ.ਐੱਸ.ਈ. ਵਿੱਚ ਵੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਪ੍ਰੇਰਣਾ ਸਦਕਾ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਹੈ।

ਉਹਨਾਂ ਕਿਹਾ ਕਿ ਅਧਿਆਪਕਾਂ ਦੀ ਲਿਖਾਈ ਨੂੰ ਸੁੰਦਰ ਬਣਾਉਣ ਲਈ ਅੱਖਰਕਾਰੀ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ, ਸਕੂਲ ਮੁਖੀਆਂ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਇੰਗਲਿਸ਼ ਬੂਸਟਰ ਕਲੱਬਾਂ ਵਿੱਚ ਸ਼ਮੂਲੀਅਤ ਕਰਵਾ ਕੇ ਉਹਨਾਂ ਦੇ ਭਾਸ਼ਾਈ ਕੌਸ਼ਲਾਂ ਦੀ ਵਿਕਾਸ ਕਰਨਾ, ਮਿਡ-ਡੇ-ਮੀਲ ਮਟੀਰੀਅਲ ਦੀ ਬੱਚਿਆਂ ਨੂੰ ਘਰ-ਘਰ ਜਾ ਕੇ ਵੰਡ, ਈ-ਕੰਟੈਂਟ ਅਤੇ ਹੋਰ ਮਟੀਰੀਅਲ ਦੀ ਤਿਆਰ ਕਰਨਾ ਅਤੇ ਬੱਚਿਆਂ ਨੂੰ ਪੜ੍ਹਣ ਲਈ ਉਤਸ਼ਾਹਿਤ ਕਰਨਾ ਜਿਹੇ ਮਹੱਤਵਪੂਰਨ ਕਾਰਜਾਂ ਨੂੰ ਇਹਨਾਂ ਦਿਨਾਂ ਵਿੱਚ ਪ੍ਰਮੁੱਖਤਾ ਦੇ ਕੇ ਸਿੱਖਿਆ ਵਿਭਾਗ ਦਾ ਮਾਣ ਵਧਾਇਆ ਹੈ।

 ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਨੈਤਿਕ ਸਿੱਖਿਆ ਦਾ ਵਿਸ਼ਾ ‘ਸਵਾਗਤ ਜ਼ਿੰਦਗੀ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਪਾਠਕ੍ਰਮ ਅਧਿਆਪਕਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ ਅਤੇ ਸਮਾਜ ਦੇ ਹਰ ਵਰਗ ਵੱਲੋਂ ਇਸਦਾ ਸਵਾਗਤ ਕੀਤਾ ਗਿਆ ਹੈ। ਇੱਥੋਂ ਤੱਕ ਕਿ ਦੂਜੇ ਰਾਜ ਵੀ ਇਸ ਉਪਰਾਲੇ ਦੀ ਸਰਾਹਨਾ ਕਰ ਰਹੇ ਹਨ। ਮੀਟਿੰਗ ‘ਚ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵੀ ਵੱਖ ਵੱਖ ਨੁਕਤਿਆਂ ਤੇ ਗੱਲਬਾਤ ਕੀਤੀ। ਇਸ ਮੀਟਿੰਗ ਦੌਰਾਨ ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਸਿ. ਬਠਿੰਡਾ, ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਸਿ. ਮਾਨਸਾ, ਸ਼ਿਵਪਾਲ ਗੋਇਲ ਜ਼ਿਲ੍ਹਾ ਸਿੱਖਿਆ ਅਫਸਰ ਐ.ਸਿ. ਬਠਿੰਡਾ, ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ. ਮਾਨਸਾ, ਹਰਪਾਲ ਬਾਜਕ ਸਟੇਟ ਰਿਸੋਰਸ ਪਰਸਨ,ਮੈਰੀਟੋਰੀਅਸ ਸਕੂਲ ਪ੍ਰਿੰਸੀਪਲ ਰੂਬੀ ਗੁਪਤਾ, ਹਰਦੀਪ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ, ਮਹਿੰਦਰਪਾਲ ਡੀ.ਐਸ.ਐਮ. ਬਠਿੰਡਾ ਸੁਖਪਾਲ ਸਿੰਘ ਸਿੱਧੂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਠਿੰਡਾ , ਬਲਵੀਰ ਸਿੰਘ ਕਮਾਂਡੋ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਠਿੰਡਾ ਅਤੇ ਰਿਸੋਰਸ ਪਰਸਨ ਮੌਜੂਦ ਰਹੇ।

One thought on “ਸਿੱਖਿਆ ਸਕੱਤਰ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਹੱਲਾਸ਼ੇਰੀ”
  1. Thank You Very-Much Respected Sh. Krishan Kumar Ji, Secretary Education Schools, Punjab, D.P.I. Secondary And Elementry, All The Distt. Education Officers, Secondary and Elementry, School Principals, Headmasters And All the Dedicated Teachers Of Govt. Punjab Schools. I Appreciate Your Good Work. Thanks. Regards Dr. Iqbal Singh, Principal, Govt. Senior Secondary Smart School, Chhajli Distt. Sangrur. 8427685020.

Leave a Reply

Your email address will not be published. Required fields are marked *