You are currently viewing ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸ.ਐੱਸ.ਪੀ ਦੀ ਰਿਹਾਇਸ਼ ਅੱਗੇ ਧਰਨਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸ.ਐੱਸ.ਪੀ ਦੀ ਰਿਹਾਇਸ਼ ਅੱਗੇ ਧਰਨਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸ.ਐੱਸ.ਪੀ ਦੀ ਰਿਹਾਇਸ਼ ਅੱਗੇ ਧਰਨਾ

ਸ੍ਰੀ ਮੁਕਤਸਰ ਸਾਹਿਬ, 6 ਮਾਰਚ ( ਪਰਗਟ ਸਿੰਘ )

ਨਗਰ ਕੌਂਸਲ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਕਈ ਅਕਾਲੀ ਆਗੂਆਂ ‘ਤੇ ਪਰਚੇ ਦਰਜ ਕੀਤੇ ਗਏ ਸਨ। ਇਸ ਦੇ ਵਿਰੋਧ ‘ਚ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ‘ਚ ਵੱਡੀ ਗਿਣਤੀ ਵਿਚ ਪਹੁੰਚ ਕੇ ਅਕਾਲੀ ਵਰਕਰਾਂ ਵੱਲੋਂ ਐਸ. ਐਸ. ਪੀ ਸ੍ਰੀਮਤੀ ਡੀ. ਸੁਡਰਵਿਲੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਅਤੇ ਵਰਕਰਾਂ ’ਤੇ ਨਜਾਇਜ਼ ਪਰਚੇ ਕੀਤੇ ਗਏ ਸਨ।ਜਿੰਨਾਂ ਪਰਚਿਆਂ ਚੋਂ ਕਈਆਂ ਅਕਾਲੀ ਵਰਕਰਾਂ ਦੀ ਜ਼ਮਾਨਤ ਤੱਕ ਹੋ ਚੁੱਕੀ ਹੈ। ਪਰ ਹੁਣ ਜਦ ਉਨਾਂ ਵਿਧਾਨ ਸਭਾ ’ਚ ਨਜਾਇਜ਼ ਪਰਚਿਆਂ ਦਾ ਮੁੱਦਾ ਚੁੱਕਿਆ ਤਾਂ ਪੁਲਸ ਬੀਤੀ ਰਾਤ ਦੀ ਉਨਾਂ ਲੋਕਾਂ ਨੂੰ ਫੜ੍ਹ ਰਹੀ ਹੈ ਜਿੰਨਾਂ ਦਾ ਇੰਨਾਂ ਪਰਚਿਆਂ ਨਾਲ ਦੂਰ ਦਾ ਸਬੰਧ ਵੀ ਨਹੀਂ। ਉਨਾਂ ਆਖਿਆ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ ਅਤੇ ਉਨ੍ਹਾਂ ਦੇ ਬੇਟੇ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਰਪਾਲ ਸਿੰਘ ਬੇਦੀ ਦੀ ਜ਼ਮਾਨਤ ਹੋ ਚੁੱਕੀ ਹੈ। ਹੁਣ ਪੁਲਸ ਬੀਤੀ ਰਾਤ ਉਨਾਂ ਦੇ ਭਰਾ, ਰਿਸ਼ਤੇਦਾਰਾਂ ਅਤੇ ਕਾਮਿਆਂ ਨੂੰ ਫੜ੍ਹ ਲਿਆਈ, ਜਿੰਨਾਂ ਦਾ ਮਾਮਲੇ ਨਾਲ ਕੋਈ ਸਬੰਧ ਨਹੀਂ।

ਇਸ ਤੋਂ ਇਲਾਵਾ ਅਕਾਲੀ ਕੌਂਸਲਰ ਰੁਪਿੰਦਰ ਬੱਤਰਾ ਦੇ ਪਰਿਵਾਰਕ ਮੈਂਬਰਾਂ ਅਤੇ ਟੇਕ ਚੰਦ ਬੱਤਰਾ ਦੇ ਪਰਿਵਾਰ ਨੂੰ ਕਥਿਤ ਤੌਰ ’ਤੇ ਪੁਲਿਸ ਪ੍ਰੇਸ਼ਾਨ ਕਰ ਰਹੀ ਹੈ। ਧਰਨੇ ਦੌਰਾਨ ਸੱਦਾ ਮਿਲਣ ਉਪਰੰਤ ਵਿਧਾਇਕ ਨੇ ਐਸਐਸਪੀ ਡੀ ਸੁਡਰਵਿਲੀ ਨਾਲ ਮੀਟਿੰਗ ਕਰਕੇ ਉਨਾਂ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਐਸਐਸਪੀ ਨਾਲ ਗੱਲਬਾਤ ਉਪਰੰਤ ਵਿਧਾਇਕ ਨੇ ਕਿਹਾ ਕਿ ਜੋ ਬੰਦੇ ਨਜਾਇਜ਼ ਤੌਰ ’ਤੇ ਫੜ੍ਹੇ ਗਏ ਹਨ, ਐਸਐਸਪੀ ਨੇ ਉਨ੍ਹਾਂ ਨੂੰ ਜਲਦੀ ਰਿਹਾਅ ਕਰਨ ਦਾ ਵਿਸ਼ਵਾਸ਼ ਦਿਵਾਇਆ ਹੈ। ਜਿਸ ਉਪਰੰਤ ਧਰਨਾ ਚੁੱਕਿਆ ਗਿਆ। ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਮੋਹਨ ਲਾਲ ਨੇ ਕਿਹਾ ਕਿ ਪੁੱਛਗਿੱਛ ਲਈ ਕੁੱਝ ਵਿਅਕਤੀ ਲਿਆਂਦੇ ਗਏ ਸਨ, ਜੋ ਪੁੱਛਗਿੱਛ ਉਪਰੰਤ ਛੱਡ ਦਿੱਤੇ ਜਾਣਗੇ। ਅੱਜ ਧਰਨੇ ਦੌਰਾਨ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਪੁਲਸ ਪ੍ਰਸਾਸ਼ਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਧਰ ਧਰਨੇ ਉਪਰੰਤ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਥਾਣਾ ਸਿਟੀ ਪਹੁੰਚੇ, ਜਿੱਥੇ ਪੁਲਸ ਵਲੋਂ ਕਥਿਤ ਤੌਰ ਪੁੱਛਗਿੱਛ ਲਈ ਲਿਆਂਦੇ ਵਿਅਕਤੀ ਵੀ ਇਸ ਦੌਰਾਨ ਥਾਣੇ ’ਚੋਂ ਛੱਡ ਦਿੱਤੇ ਗਏ।