ਬਠਿੰਡਾ, 20 ਸਤੰਬਰ (ਗੁਰਜਿੰਦਰ ਸਿੰਘ)
ਸੂਬਾ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ 22 ਸਤੰਬਰ 2022 ਨੂੰ ਸਵੇਰੇ 9:30 ਵਜ਼ੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਸਵੈ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਸਵੈ ਰੋਜਗਾਰ ਕੈਂਪ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਤੇ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਬਸਿਡੀ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਕੈਂਪ ਵਿੱਚ ਐਸ.ਸੀ. ਕਾਰਪੋਰੇਸ਼ਨ, ਬੈਕਫਿੰਕੋ, ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਨਬਾਰਡ, ਐਨ.ਯੂ.ਐਲ.ਐਮ., ਪੰਜਾਬ ਗ੍ਰਾਮੀਣ ਬੈਂਕ ਵੱਲੋਂ ਸ਼ਿਰਕਤ ਕੀਤੀ ਜਾਵੇਗੀ।
ਇਸ ਸਬੰਧੀ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਸਵੈ ਰੋਜਗਾਰ ਕੈਂਪ ਵਿੱਚ ਭਾਗ ਲੈਣ ਲਈ ਪ੍ਰਾਰਥੀ ਆਪਣੇ ਨਾਲ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ/ਪੈਨ ਕਾਰਡ, ਬੈਂਕ ਪਾਸ ਬੁੱਕ (ਅਸਲ ਅਤੇ ਫੋਟੋ ਕਾਪੀਆਂ), ਚਾਰ ਪਾਸਪੋਰਟ ਸਾਇਜ ਫੋਟੋ ਨਾਲ ਲੈ ਕੇ ਆਉਣ। ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੇਲੇ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲਿਆ ਜਾ ਸਕੇ।