ਸਰਕਾਰੀ ਪਾਲੀਟੈਕਨਿਕ ਕਾਲਜ ਦੀ ਆਊਂਟਸਟੈਂਡਿੰਗ ਇੰਸਟੀਚਿਊਟ ਐਵਾਰਡ ਲਈ ਚੋਣ
ਕਾਲਜ ਨੂੰ ਤੀਸਰੀ ਵਾਰ ਮਿਲਿਆ ਇਹ ਇਨਾਮੀ ਐਵਾਰਡ
ਫਰਵਰੀ ਦੇ ਪਹਿਲੇ ਹਫਤੇ ਦੌਰਾਨ ਮਿਲੇਗਾ ਇਹ ਐਵਾਰਡ
ਬਠਿੰਡਾ, 5 ਜਨਵਰੀ :(Jagmeet singh)
ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ ਟ੍ਰੇਨਿੰਗ ਅਤੇ ਰਿਸਰਚ (ਨਿਟਰ) ਵੱਲੋਂ ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਨੂੰ ਸਾਲ 2019-20 ਦੇ ਆਊਟਸਟੈਂਡਿੰਗ ਇੰਸਟੀਚਿਊਟ ਐਵਾਰਡ (ਪਾਲੀਟੈਕਨਿਕ ਕੈਟਾਗਰੀ) ਲਈ ਚੋਣ ਕੀਤੀ ਗਈ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਸਾਂਝੀ ਕੀਤੀ।
ਪ੍ਰਿੰਸੀਪਲ ਸ਼੍ਰੀ ਯਾਦਵਿੰਦਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੈਸ਼ਨਲ ਇੰਸਟੀਚਿਊਟ ਜੋ ਕਿ ਭਾਰਤ ਸਰਕਾਰ ਦਾ ਅਦਾਰਾ ਹੈ ਵੱਲੋਂ ਆਪਣੇ ਅਧੀਨ ਆਉਂਦੇ ਰਾਜ ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰਾਖੰਡ ਅਤੇ ਯੂ.ਟੀ. ਚੰਡੀਗੜ ਦੇ ਪਾਲੀਟੈਕਨਿਕ ਕਾਲਜਾਂ ਵਿੱਚੋਂ ਇਸ ਐਵਾਰਡ ਲਈ ਇਸ ਕਾਲਜ ਦੀ ਚੋਣ ਕੀਤੀ ਗਈ ਹੈ।
ਸ਼੍ਰੀ ਯਾਦਵਿੰਦਰ ਸਿੰਘ ਨੇ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਸ਼੍ਰੀ ਅਨੁਰਾਗ ਵਰਮਾ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਦੀ ਯੋਗ ਅਗਵਾਈ ਤੇ ਕਾਲਜ ਦੇ ਸਟਾਫ ਦੀ ਮਿਹਨਤ ਸਦਕਾ ਕਾਲਜ ਨੂੰ ਇਹ ਮਾਣ ਮਿਲਿਆ ਹੈ। ਉਨਾਂ ਕਿਹਾ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਕਾਲਜ ਨੂੰ ਤੀਸਰੀ ਵਾਰ ਇਹ ਇਨਾਮੀ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਕਾਲਜ ਨੂੰ ਸਾਲ 2008-09 ਅਤੇ 2013-14 ਲਈ ਵੀ ਇਹ ਐਵਾਰਡ ਮਿਲ ਚੁੱਕਾ ਹੈ।
ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਟਰ ਵੱਲੋਂ ਆਪਣੇ ਅਧੀਨ ਆਉਂਦੇ ਉਪਰੋਕਤ 9 ਰਾਜਾਂ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪਾਲੀਟੈਕਨਿਕ ਕਾਲਜਾਂ ਪਾਸੋਂ ਇਸ ਸਬੰਧੀ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਕਾਲਜ ਦੀ ਦਾਖਲਾ, ਰਿਜਲਟ, ਪਲੇਸਮੈਂਟ, ਟੀਚਰ ਟ੍ਰੇਨਿੰਗ ਅਤੇ ਇੰਨਫਰਾਸਟਰੱਕਚਰ ਤੋਂ ਇਲਾਵਾ ਸਾਰੀਆਂ ਤਕਨੀਕੀ ਤੇ ਗੈਰ-ਤਕਨੀਕੀ ਗਤੀਵਿਧੀਆਂ ਦੇ ਅਧਾਰ ‘ਤੇ ਉੱਤਰੀ ਭਾਰਤ ਦੇ ਆਊਟਸਟੈਂਡਿੰਗ ਇੰਸਟੀਚਿਊਟ ਦੀ ਚੋਣ ਕੀਤੀ ਜਾਂਦੀ ਹੈ। ਉਨਾਂ ਇਹ ਵੀ ਦੱਸਿਆ ਕਿ ਇਹ ਐਵਾਰਡ ਫਰਵਰੀ ਦੇ ਪਹਿਲੇ ਹਫਤੇ ਦੌਰਾਨ ਚੰਡੀਗੜ ਵਿਖੇ ਇੱਕ ਸਮਾਗਮ ਦੌਰਾਨ ਦਿੱਤਾ ਜਾਵੇਗਾ।