ਸਖੀ ਵਨ ਸਟਾਪ ਸੈਂਟਰ ਔਰਤਾਂ ਲਈ ਹੋ ਰਿਹੈ ਵਰਦਾਨ ਸਾਬਿਤ-ਡਿਪਟੀ ਕਮਿਸ਼ਨਰ
ਬਠਿੰਡਾ, 25 ਜਨਵਰੀ (ਜਗਮੀਤ ਚਹਿਲ)
ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਖੀ ਵਨ ਸਟਾਪ ਸੈਂਟਰ ਹਰੇਕ ਜ਼ਿਲੇ ਵਿਚ ਸ਼ੁਰੂ ਕੀਤੇ ਗਏ ਹਨ। ਸਖੀ ਵਨ ਸਟਾਪ ਸੈਂਟਰ ਬਣਾਉਣ ਦਾ ਮੰਤਵ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇੱਕੋ ਛੱਤ ਹੇਠਾਂ ਲੋੜੀਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਇਹ ਸਖੀ ਵਨ ਸਟਾਪ ਸੈਂਟਰ ਬਠਿੰਡਾ ਵਿਖੇ 2016 ਤੋਂ ਪਾਵਰ ਹਾਊਸ ਰੋਡ ’ਤੇ ਬਣਿਆਂ ਹੋਇਆ ਹੈ। ਇਸ ਸੈਂਟਰ ’ਚ 31 ਮਾਰਚ 2017 ਤੋਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਲੜਕੀਆਂ ਦੇ ਘਰੇਲੂ ਮਸਲਿਆਂ ਸਬੰਧੀ ਕਿਸੇ ਵੀ ਜਾਣਕਾਰੀ ਲਈ ਹੈਲਪ ਲਾਇਨ ਨੰਬਰ 181 ਅਤੇ 0164-2212480 ’ਤੇ ਸੰਪਰਕ ਕਰ ਸਕਦੇ ਹਨ।
ਪੈਰਾ ਲੀਗਲ ਪ੍ਰਸੋਨਲ ਮੈਡਮ ਰੇਨੂੰ ਸ਼ਰਮਾ ਨੇ ਦੱਸਿਆ ਕਿ 31 ਮਾਰਚ 2017 ਤੋਂ ਲੈ ਕੇ ਹੁਣ ਤੱਕ ਸਖੀ ਵਨ ਸਟਾਪ ਸੈਂਟਰ ਵਿੱਚ ਕੁੱਲ 608 ਮਾਮਲੇ ਦਰਜ਼ ਹੋਏ ਹਨ। ਜਿਸ ਵਿੱਚ ਘਰੇਲੂ ਹਿੰਸਾਂ 453, ਸ਼ੈਲਟਰ 107, ਤਸਕਰੀ 1, ਸਾਇਬਰ ਕਰਾਇਮ 2, ਗੁਆਰਡਿੰਗ ਐਕਟ 1, ਧੋਖਾਧੜੀ 2, ਬਾਲ ਵਿਆਹ 1, ਦੀਵਾਨੀ ਮੁਕੱਦਮੇ 3, ਤੰਗ ਪ੍ਰੇਸ਼ਾਨ 25, ਜ਼ਾਇਦਾਦ ਝਗੜੇ 5, ਖ਼ਰਚਾ 4, ਗੁੰਮਸ਼ੁਦਾ 3 ਅਤੇ ਮੈਡੀਕਲ 1 ਮਾਮਲੇ ਦਰਜ਼ ਹਨ। ਇਸ ਉਪਰੰਤ ਸੈਂਟਰ ਐਡਮਿਨੀਸਟ੍ਰੇਟਰ ਕੇਸ ਨੂੰ ਦੇਖਦੇ ਹੋਏ ਪੀੜਤ ਔਰਤ ਨੂੰ ਲੌੜੀਂਦੀ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।
ਸਖੀ ਵਨ ਸਟਾਪ ਸੈਂਟਰ ਦੇ ਕੌਸ਼ਲਰ ਮੈਡਮ ਗੁਰਵਿੰਦਰ ਕੌਰ ਵਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਔਰਤਾਂ ਨੰੂ ਢੁੱਕਵੀ ਸਲਾਹ ਦਿੱਤੀ ਜਾਂਦੀ ਹੈ। ਕਾਨੂੰਨੀ ਮਾਮਲੇ ਵਿੱਚ ਸੈਂਟਰ ਦੇ ਵਕੀਲ ਵੱਲੋਂ ਮੁਫਤ ਲੀਗਲ ਏਂਡ ਰਾਹੀਂ ਐਡਵੋਕੇਟ ਮੁਹੱਈਆ ਕਰਵਾਇਆ ਜਾਂਦਾ ਹੈ। ਹਿੰਸਾ ਤੋਂ ਇਲਾਵਾ ਪੁਲਿਸ ਸਹਾਇਤਾ ਦੇ ਕੇਸਾਂ ਵਿੱਚ ਸਬੰਧਤ ਥਾਣੇ ਨਾਲ ਸੰਪਰਕ ਕਰ ਕੇ ਸਹਾਇਤਾ ਮੁਹੱਇਆ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਸ਼ਖੀ ਵਨ ਸਟਾਪ ਸੈਂਟਰ ਵੱਲੋਂ ਕੀਤੇ ਜਾ ਰਹੇ ਹਰ ਉਪਰਾਲਿਆਂ ਨਾਲ ਔਰਤਾਂ ਦੀ ਜਿੰਦਗੀ ਵਿੱਚ ਇੱਕ ਸਕਾਰਾਤਮਕ ਬਦਲਾਅ ਹੋਇਆ ਹੈ।