ਕੋਵਿਡ ਮਹਾਂਮਾਰੀ ਦਾ ਫੈਲਾਅ ਰੋਕਣ ਲਈ ਜ਼ਿਲੇ ’ਚ ਪਾਬੰਦੀਆਂ ਲਾਗੂ
ਜ਼ਿਲੇ ਵਿਚ ਸਾਰੇ ਵਿੱਦਿਅਕ ਅਦਾਰੇ ਸਕੂਲ ਤੇ ਕਾਲਜ 10 ਅਪ੍ਰੈਲ ਤੱਕ ਰਹਿਣਗੇ ਬੰਦ
ਅਧਿਆਪਨ ਤੇ ਗ਼ੈਰ ਅਧਿਆਪਨ ਅਮਲਾ ਕੰਮਕਾਜ਼ੀ ਦਿਨਾਂ ਦੌਰਾਨ ਰਹੇਗਾ ਹਾਜ਼ਰ
ਬਠਿੰਡਾ, 1 ਅਪ੍ਰੈਲ(ਜਗਮੀਤ ਚਹਿਲ)
ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਂਮਾਰੀ ਦਾ ਫੈਲਾਅ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਜ਼ਿਲੇ ’ਚ ਵੱਖ-ਵੱਖ ਪਾਬੰਦੀਆਂ ਲਾਗੂ ਕੀਤੀਆਂ ਹਨ। ਇਹ ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ ਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲੇ ਵਿਚ ਸਾਰੇ ਵਿੱਦਿਅਕ ਅਦਾਰੇ, ਜਿਵੇਂ ਸਕੂਲ ਤੇ ਕਾਲਜ ਆਦਿ 10 ਅਪ੍ਰੈਲ 2021 ਤੱਕ ਬੰਦ ਰੱਖੇ ਜਾਣਗੇ ਪਰੰਤੂ ਅਧਿਆਪਨ ਤੇ ਗ਼ੈਰ ਅਧਿਆਪਨ ਅਮਲਾ ਸਾਰੇ ਕੰਮਕਾਜ਼ੀ ਦਿਨਾਂ ਦੌਰਾਨ ਹਾਜ਼ਰ ਰਹੇਗਾ। ਜਦਕਿ ਸਾਰੇ ਮੈਡੀਕਲ ਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ।
ਸ਼੍ਰੀ ਬੀ.ਸ੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਕਿਹਾ ਕਿ ਸਿਨੇਮਾ ਘਰਾਂ, ਥਿਏਟਰਾਂ, ਮਲਟੀਪਲੈਕਸਾਂ ਆਦਿ ਵਿਚ 50 ਫੀਸਦੀ ਦੀ ਹੱਦ ਲਾਗੂ ਰਹੇਗੀ ਅਤੇ ਮਾਲਜ਼ ਵਿਚ ਇਕੋ ਸਮੇਂ 100 ਵਿਅਕਤੀਆਂ ਤੋਂ ਵਧੇਰੇ ਦੀ ਆਗਿਆ ਨਹੀਂ ਹੋਵੇਗੀ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ
ਹਰ ਵਿਅਕਤੀ ਲਈ ਪਬਲਿਕ ਸਥਾਨਾਂ ’ਤੇ ਮਾਸਕ ਪਹਿਨਣਾ, ਸੈਨੀਟਾਈਜ਼ਰ ਦੀ ਵਰਤੋਂ ਅਤੇ 6 ਫੁੱਟ ਦੀ ਦੂਰੀ ਬਣਾਈ ਰੱਖਣੀ ਲਾਜ਼ਮੀ ਹੋਵੇਗੀ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਇਨਾਂ ਹੁਕਮਾਂ ਮੁਤਾਬਿਕ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਉਨਾਂ ਵਿਅਕਤੀਆਂ ਨੂੰ ਨੇੜਲੇ ਕੋਵਿਡ-19 ਟੈਸਟ ਕੇਂਦਰ ਲਿਜਾ ਕੇ ਆਰ. ਟੀ. ਪੀ. ਸੀ. ਆਰ ਟੈਸਟ ਕਰਵਾਏ ਜਾਣਗੇ, ਜਿਹੜੇ ਗ਼ਲੀਆਂ, ਬਾਜ਼ਾਰਾਂ, ਸੜਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਦੇ ਪਾਏ ਜਾਣਗੇ, ਤਾਂ ਕਿ ਕੋਵਿਡ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣਾ ਯਕੀਨੀ ਬਣਾਇਆ ਜਾ ਸਕੇ।
ਜਾਰੀ ਹੁਕਮਾਂ ਵਿਚ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਵੀ ਆਪਣੇ ਘਰਾਂ ਵਿਚ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਅਗਲੇ ਦੋ ਹਫ਼ਤਿਆਂ ਲਈ ਰੋਕ ਦੇਣ, ਤਾਂ ਜੋ ਕੋਵਿਡ ਮਹਾਮਾਰੀ ਦੀ ਕੜੀ ਨੂੰ ਅੱਗੇ ਫ਼ੈਲਣ ਤੋਂ ਰੋਕਿਆ ਜਾ ਸਕੇ। ਆਪਣੇ ਘਰਾਂ ’ਚ ਵੀ 10 ਤੋਂ ਵਧੇਰੇ ਲੋਕਾਂ ਨੂੰ ਨਾ ਬੁਲਾਇਆ ਜਾਵੇ।
ਜਾਰੀ ਹੁਕਮਾਂ ਅਨੁਸਾਰ ਜ਼ਿਲਾ ਮੈਜਿਸਟੇ੍ਰਟ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਕੱਠਾਂ ਨੂੰ ਜਾਰੀ ਹਦਾਇਤਾਂ ਮੁਤਾਬਿਕ ਇਨਡੋਰ ਤੇ ਆਊਟਡੋਰ ਦੀ ਕ੍ਰਮਵਾਰ 100 ਤੇ 200 ਵਿਅਕਤੀਆਂ ਦੀ ਨਿਰਧਾਰਤ ਗਿਣਤੀ ਮੁਤਾਬਿਕ ਕੇਵਲ 50 ਫੀਸਦੀ ਸਮਰੱਥਾ ਤੱਕ ਹੀ ਸੀਮਿਤ ਰੱਖਣ।
ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।