ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਕੀਤੇ ਪਰਚੇ ਝੂਠੇ ਹਨ – ਰੋਜ਼ੀ ਬਰਕੰਦੀ
ਸ੍ਰੀ ਮੁਕਤਸਰ ਸਾਹਿਬ,16 ਫਰਵਰੀ ( ਪਰਗਟ ਸਿੰਘ )
ਨਗਰ ਕੌਂਸਲ ਚੋਣਾਂ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਵਾਪਰੀਆਂ ਘਟਨਾਵਾਂ ਦੇ ਸਬੰਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਛੋਟੇ-ਮੋਟੇ ਝਗੜੇ ਹੁੰਦੇ ਰਹਿੰਦੇ ਹਨ ਪ੍ਰੰਤੂ ਇਸ ਵਾਰ ਤਾਂ ਪ੍ਰਸ਼ਾਸਨ ਵੱਲੋਂ ਜੋ ਨਜ਼ਾਇਜ਼ ਪਰਚੇ ਪਾਏ ਅਤੇ ਬੇਕਸੂਰ ਬੰਦੇ ਵਿੱਚ ਸ਼ਾਮਿਲ ਕੀਤੇ ਇਨ੍ਹਾਂ ਵੱਡਾ ਲੋਕਤੰਤਰੀ ਘਾਣ ਸ਼ਹਿਰ ‘ਚ ਪਹਿਲੀ ਵਾਰ ਹੋਇਆ ਹੈ ।
ਉਨ੍ਹਾਂ ਆਖਿਆ ਕਿ ਚੋਣਾਂ ਦੌਰਾਨ ਹੋਈਆਂ ਘਟਨਾਵਾਂ ਦੇ ਮਾਮਲੇ ‘ਚ ਅਕਾਲੀ ਦਲ ਦੇ ਉਮੀਦਵਾਰਾਂ ਅਤੇ ਵਰਕਰਾਂ ‘ਤੇ 307 ,364, 323 ਅਤੇ 324 ਆਦਿ ਧਾਰਾਵਾਂ ਲਾ ਕੇ ਜੋ ਪਰਚੇ ਦਰਜ ਕੀਤੇ ਜਾ ਰਹੇ ਹਨ ਉਹ ਝੂਠੇ ਹਨ ਜੋ ਕੇ ਕਾਂਗਰਸੀ ਲੀਡਰਾਂ ਦੀ ਸ਼ਹਿ ‘ਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਪਣੀ ਹਾਰ ਨੂੰ ਦੇਖਦਿਆਂ ਬਖਲਾਹਟ ‘ਚ ਆ ਕੇ ਅਜਿਹੀਆਂ ਚਾਲਾਂ ਚੱਲ ਰਹੇ ਹਨ। ਜਿੰਨਾਂ ਵਰਕਰਾਂ ਦਾ ਲੜਾਈ ਨਾਲ ਕੋਈ ਵੀ ਸਬੰਧ ਨਹੀਂ ਸੀ ਉਨ੍ਹਾਂ ਨੂੰ ਵੀ 307 ਦੇ ਮਾਮਲੇ ‘ਚ ਰੱਖਿਆ ਗਿਆ। ਇਕ ਅਕਾਲੀ ਦਲ ਦੇ ਉਮੀਦਵਾਰ ‘ਤੇ ਕਿਡਨੈਪ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਵਾਰਡ ਨੰਬਰ-7 ਤੋਂ ਅਕਾਲੀ ਉਮੀਦਵਾਰ ਰੁਪਿੰਦਰ ਬੱਤਰਾ ਦੇ ਪਤੀ ਅਤੇ ਬੇਟਿਆਂ ਤੇ 307 ਦਾ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਹਰਪਾਲ ਸਿੰਘ ਬੇਦੀ ਦੇ ਪਰਿਵਾਰਕ ਮੈਂਬਰਾਂ ਅਤੇ ਰੁਪਿੰਦਰ ਬੱਤਰਾ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ। ਰੋਜ਼ੀ ਬਰਕੰਦੀ ਨੇ ਕਿਹਾ ਕਿ ਪੁਲਿਸ ਹੁਣ ਉਨ੍ਹਾਂ ਅਕਾਲੀ ਵਰਕਰਾਂ ਨੂੰ ਧਮਕਾ ਰਹੀ ਜਿੰਨਾਂ ਪੋਲਿੰਗ ਏਜੰਟ ਵਜੋਂ ਗਿਣਤੀ ‘ਚ ਬੈਠਣਾ ਹੈ। ਇਸਤੋਂ ਬਾਅਦ ਉਹ ਆਪਣੇ ਉਮੀਦਵਾਰਾਂ ਦੀ ਅਗਵਾਈ ਕਰਨ ਲਈ ਐਸਡੀਐਮ ਨੂੰ ਵੀ ਮਿਲਣ ਗੲੇ ।