ਸਥਾਨਕ ਚੋਣਾਂ ਲਈ ਤਿਆਰੀਆਂ ਮੁਕੰਮਲ-ਜ਼ਿਲਾ ਚੋਣ ਅਫ਼ਸਰ
ਪੋਲਿੰਗ ਬੂਥਾਂ ਲਈ ਚੋਣ ਅਮਲਾ ਚੋਣ ਸਮੱਗਰੀ ਸਮੇਤ ਰਵਾਨਾ
ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜਨ ਲਈ ਸਖ਼ਤ ਕੀਤੇ ਸੁਰੱਖਿਆ ਪ੍ਰਬੰਧ
ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਪੋਲਿੰਗ
ਬਠਿੰਡਾ, 13 ਫਰਵਰੀ(ਜਗਮੀਤ ਚਹਿਲ)
ਰਾਜ ਚੋਣ ਕਮਿਸ਼ਨ ਪੰਜਾਬ ਦੁਆਰਾ 14 ਫ਼ਰਵਰੀ ਨੂੰ ਹੋ ਰਹੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨਾਂ ਚੋਣਾਂ ਲਈ ਜ਼ਿਲੇ ਅੰਦਰ ਬਣਾਏ ਵੱਖ-ਵੱਖ ਪੋਲਿੰਗ ਬੂਥਾਂ ਵਾਸਤੇ ਚੋਣ ਅਮਲਾ ਚੋਣ ਸਮੱਗਰੀ ਸਮੇਤ ਰਵਾਨਾ ਕਰ ਦਿੱਤਾ ਗਿਆ ਹੈ। ਪੋਲਿੰਗ ਈ.ਵੀ.ਐਮ. ਮਸ਼ੀਨਾਂ ਰਾਹੀਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਇਹ ਜਾਣਕਾਰੀ ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ. ਬੀ.ਸ੍ਰੀਨਿਵਾਸਨ ਨੇ ਦਿੱਤੀ।
ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ. ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਬਠਿੰਡਾ ਨਗਰ ਨਿਗਮ, 6 ਨਗਰ ਕੌਂਸਲਾਂ (ਭੁੱਚੋਂ ਮੰਡੀ, ਨਥਾਣਾ, ਗੋਨਿਆਣਾ, ਸੰਗਤ, ਕੋਟਸ਼ਮੀਰ ਅਤੇ ਕੋਟਫੱਤਾ) ਅਤੇ 7 ਨਗਰ ਪੰਚਾਇਤਾਂ (ਕੋਠਾਗੁਰੂ, ਭਗਤਾ, ਮਲੂਕਾ, ਭਾਈਰੂਪਾ, ਮਹਿਰਾਜ, ਮੌੜ ਅਤੇ ਰਾਮਾਂ) ਦੀਆਂ ਚੋਣਾਂ ਵਾਸਤੇ ਜ਼ਿਲੇ ’ਚ ਕੁੱਲ 213 ਵਾਰਡਾਂ ਲਈ 341 ਪੋਲਿੰਗ ਸਟੇਸ਼ਨਾਂ ’ਤੇ ਪੋਲਿੰਗ ਹੋਵੇਗੀ। ਜਿਨਾਂ ’ਚ ਬਠਿੰਡਾ ਨਗਰ ਨਿਗਮ ਦੇ 50 ਵਾਰਡ, 6 ਨਗਰ ਕੌਂਸਲਾਂ ਦੇ 78 ਵਾਰਡ ਤੇ 7 ਨਗਰ ਪੰਚਾਇਤਾਂ ਦੇ 85 ਵਾਰਡ ਸ਼ਾਮਲ ਹਨ। ਇਨਾਂ ਚੋਣਾਂ ਲਈ ਕੁੱਲ 3,33,954 ਜਿਨਾਂ ’ਚ ਪੁਰਸ਼ 1,75,927 ਮਹਿਲਾਵਾਂ 1,58,019 ਅਤੇ 8 ਥਰਡ ਜੈਂਡਰ ਵੋਟਰਾਂ ਵਲੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ।
ਜ਼ਿਲਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਇਨਾਂ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੰਵੇਦਨਸ਼ੀਲ ਬੂਥਾਂ ’ਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਉਨਾਂ ਕਿਹਾ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਸ਼ਰਾਰਤੀ ਅਨਸਰਾਂ ਨਾਲ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ। ਉਨਾਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਪੂਰਾ ਕਰਨ ਸਹਿਯੋਗ ਦੇਣ ਦੀ ਅਪੀਲ ਕੀਤੀ, ਤਾਂ ਜੋ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜਿਆ ਜਾ ਸਕੇ।
ਜ਼ਿਲਾ ਚੋਣਕਾਰ ਅਫ਼ਸਰ ਨੇ ਕਿਹਾ ਕਿ ਵੋਟ ਹਰ ਇੱਕ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਉਨਾਂ ਜ਼ਿਲੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਅਤੇ ਡਰ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ।