By Gurlal
ਕੋਵਿਡ-19
ਰੈੱਡ ਕਰਾਸ ਸੁਸਾਇਟੀ ਵਿਖੇ ਖੋਲ੍ਹਿਆ ਆਕਸੀਜਨ ਕੰਨਸਨਟ੍ਰੇਟਰ ਬੈਂਕ : ਡਿਪਟੀ ਕਮਿਸ਼ਨਰ
ਬਠਿੰਡਾ, 24 ਮਈ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਹੀਂ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਸਹੂਲਤ ਲਈ ਆਕਸੀਜਨ ਕੰਨਸਨਟ੍ਰੇਟਰ ਬੈਂਕ ਸਥਾਪਤ ਕੀਤਾ ਗਿਆ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਸਥਾਪਤ ਕੀਤੇ ਗਏ ਇਸ ਕੰਨਸਨਟ੍ਰੇਟਰ ਬੈਂਕ ਵਿਚ ਸਿਰਫ਼ ਉਨ੍ਹਾਂ ਕਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਆਕਸੀਜਨ ਕੰਨਸਨਟ੍ਰੇਟਰ ਮੁਹੱਈਆ ਕਰਵਾਏ ਜਾਣਗੇ ਜੋ ਇਲਾਜ਼ ਉਪਰੰਤ ਡਾਕਟਰ ਦੁਆਰਾ ਜਾਰੀ ਡਿਸਚਾਰਜ ਸਲਿੱਪ ਤੇ ਕੰਨਸਨਟ੍ਰੇਟਰ ਦੀ ਲੋੜ ਸਬੰਧੀ ਤਜ਼ਵੀਜ਼ੀ ਪਰਚੀ ਦੇ ਨਾਲ-ਨਾਲ ਸਵੈ ਘੋਸ਼ਣਾ ਪੱਤਰ ਦੇਣਾ ਲਾਜ਼ਮੀ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਕਸੀਜਨ ਕੰਨਸਨਟ੍ਰੇਟਰ ਮਸ਼ੀਨ ਪ੍ਰਾਪਤ ਕਰਨ ਲਈ ਇਲਾਜ਼ ਕਰ ਰਹੇ ਡਾਕਟਰ ਜਾਂ ਹਸਪਤਾਲ ਵਲੋਂ ਅੰਡਰਟੇਕਿੰਗ ਲਾਜ਼ਮੀ ਹੋਵੇਗੀ ਕਿ ਮਰੀਜ਼ ਦੇ ਵਾਰਸਾਂ ਨੂੰ ਇਸ ਮਸ਼ੀਨ ਨੂੰ ਅਪਰੇਟ ਕਰਨ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਮਸ਼ੀਨ ਨੂੰ ਚਲਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮਸ਼ੀਨ ਦੀ ਮੋਨੀਟਰਿੰਗ ਸਬੰਧੀ ਉਸੇ ਹਸਪਤਾਲ ਦੇ ਡਾਕਟਰ ਜਾਂ ਪੈਰਾ ਮੈਡੀਕਲ ਸਟਾਫ਼ ਦੀ ਜਿੰਮੇਵਾਰੀ ਹੋਵੇਗੀ।
ਸ਼੍ਰੀ.ਬੀ.ਸ਼੍ਰੀਨਿਵਾਸਨ ਨੇ ਹੋਰ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਆਕਸੀਜ਼ਨ ਕੰਨਸਨਟ੍ਰੇਟਰ ਮਸ਼ੀਨ ਵਾਪਸ ਮੋੜੇ ਜਾਣ ਦੇ ਆਧਾਰ ਤੇ 10 ਦਿਨਾਂ ਲਈ ਦਿੱਤੀ ਜਾਵੇਗੀ ਤੇ ਜਿਸ ਦਾ ਪ੍ਰਤੀ ਦਿਨ 200 ਰੁਪਏ ਨਾ ਮਾਤਰ ਕਿਰਾਇਆ ਦੇਣਾ ਹੋਵੇਗਾ। ਮਸ਼ੀਨ ਪ੍ਰਾਪਤ ਕਰਨ ਲਈ 10,000 ਰੁਪਏ ਦੀ ਮੋੜਨਯੋਗ ਸਕਿਊਰਟੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਮੌਕੇ ਤੇ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ। ਮਸ਼ੀਨ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ, ਸ਼੍ਰੀ ਦਰਸ਼ਨ ਕੁਮਾਰ ਦੇ ਮੋਬਾਇਲ ਨੰਬਰ 98726-66803 ਤੇ ਸੀਨੀਅਰ ਸਹਾਇਕ ਸ਼੍ਰੀ ਵਿਦਿਆ ਸਾਗਰ ਦੇ ਮੋਬਾਇਲ ਨੰਬਰ 98145-99501 ਤੇ ਸੰਪਰਕ ਕੀਤਾ ਜਾ ਸਕਦਾ ਹੈ।