You are currently viewing ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨੇ ਦੌਰਾਨ ਮਨਾਇਆ ਜਾ ਰਿਹੈ ਪੋਸ਼ਣ ਮਾਹ

ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨੇ ਦੌਰਾਨ ਮਨਾਇਆ ਜਾ ਰਿਹੈ ਪੋਸ਼ਣ ਮਾਹ

ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨੇ ਦੌਰਾਨ ਮਨਾਇਆ ਜਾ ਰਿਹੈ ਪੋਸ਼ਣ ਮਾਹ
*ਬੱਚਿਆਂ ਦੇ ਸਰੀਰਿਕ ਵਿਕਾਸ ਲਈ ਜ਼ਰੂਰੀ ਖੁਰਾਕ ਦੇਣ ਸਬੰਧੀ ਲਗਾਏ ਜਾ ਰਹੇ ਨੇ ਜਾਗਰੂਕਤਾ ਕੈਂਪ
ਮਾਨਸਾ, 12 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਵਾਂ ਅਤੇ ਕਿਸ਼ੋਰਾਂ ਵਿੱਚ ਅਨੀਮੀਆ (ਖੂਨ ਦੀ ਕਮੀ) ਨੂੰ ਦੂਰ ਕਰਨਾ ਮੁੱਖ ਮੰਤਵ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਅਨੀਮੀਆ ਨੂੰ ਦੂਰ ਕਰਨ ਲਈ ਪੌਸ਼ਟਿਕ ਖੁਰਾਕ ਖਾਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲ, ਦਾਲਾਂ, ਦੁੱਧ ਅਤੇ ਦਹੀ ਆਦਿ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵੱਲੋਂ ਲੋਕਾਂ ਨੂੰ ਜਿੱਥੇ ਆਇਰਨ ਅਤੇ ਫੋਲਿਕ ਐਸਿਡ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਉਥੇ ਬੱਚਿਆਂ ਦੇ ਸਹੀ ਵਿਕਾਸ ਲਈ ਜ਼ਰੂਰੀ ਖੁਰਾਕ ਦੇਣ ਸਬੰਧੀ ਉਤਸਾਹਿਤ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ ਤਾਂ ਜ਼ੋ ਬੱਚਿਆਂ ਵਿੱਚ ਹੋਣ ਵਾਲਾ ਵਾਧਾ ਅਤੇ ਵਿਕਾਸ ਸਹੀ ਸਮੇਂ ’ਤੇ ਹੋ ਸਕੇ।
ਡਾ. ਹਰਦੇਵ ਸਿੰਘ ਨੇ ਕਿਹਾ ਕਿ ਸਿਹਤਮੰਦ ਖੁਰਾਕ ਹੀ ਸਿਹਤਮੰਦ ਜੀਵਨ ਦਾ ਆਧਾਰ ਹੈ, ਇਸ ਲਈ ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਵਾਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ—ਨਾਲ ਹਰ ਉਮਰ ਵਰਗ ਦੇ ਲੋਕਾਂ ਦੀ ਖੁਰਾਕ ਵਿੱਚ ਪੌਸ਼ਕ ਤੱਤਾਂ ਨੂੰ ਪੂਰਾ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲ, ਦਾਲਾਂ, ਦੁੱਧ ਅਤੇ ਦਹੀ ਆਦਿ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜ਼ੋ ਅਨੀਮੀਆ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਕੰਵਲਪ੍ਰੀਤ ਬਰਾੜ ਨੇ ਸੰਤੁਲਿਤ ਖੁਰਾਕ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਵਿਅਕਤੀ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਰੁਝੇਵੇ ਭਰੇ ਕੰਮਾਂ ਦੇ ਨਾਲ—ਨਾਲ ਆਪਣੇ ਭੋਜਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਭੋਜਨ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਖਣਿਜ ਪਦਾਰਥ ਅਤੇ ਲੋੜੀਦੀਂ ਮਾਤਰਾ ਵਿੱਚ ਫੈਟ ਅਤੇ ਤਰਲ ਪਦਾਰਥ ਵਾਲਾ ਭੋਜਨ ਜਿਵੇਂ ਕਿ ਪੁੰਗਰੀਆਂ ਦਾਲਾਂ, ਸਬਜੀਆਂ ਦਾ ਸੂਪ ਆਦਿ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਨਵਜੰਮੇਂ ਬੱਚਿਆਂ ਬਾਰੇ ਉਨ੍ਹਾਂ ਕਿਹਾ ਕਿ ਬੱਚੇ ਦੇ ਜਨਮ ਦੇ ਇਕ ਘੰਟੇ ਅੰਦਰ ਮਾਂ ਦਾ ਪਹਿਲਾਂ ਬਹੁਲਾ ਦੁੱਧ ਪਿਲਾਉਣਾ ਚਾਹੀਦਾ ਅਤੇ ਸਿਰਫ਼ ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਜ਼ੋ ਕਿ ਬੱਚੇ ਦੇ ਸਰਬਪੱਖੀ ਵਿਕਾਸ ਲਈ ਲਾਹੇਵੰਦ ਹੁੰਦਾ ਹੈ।