ਵਿਸਾਖੀ ਮੇਲੇ ਦੇ ਪ੍ਰਬੰਧਾਂ ’ਚ ਨਾ ਆਉਣ ਦਿੱਤੀ ਜਾਵੇ ਕੋਈ ਕਮੀ-ਡਿਪਟੀ ਕਮਿਸ਼ਨਰ
13 ਅਪ੍ਰੈਲ ਨੂੰ ਮਨਾਇਆ ਜਾਵੇਗਾ ਵਿਸਾਖੀ ਮੇਲਾ
ਵਿਸਾਖੀ ਮੇਲੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਬਠਿੰਡਾ, 30 ਮਾਰਚ (ਜਗਮੀਤ ਚਹਿਲ)
ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹਰ ਸਾਲ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਵਿਸਾਖੀ ਮੇਲਾ 13 ਅਪ੍ਰੈਲ ਨੰੂ ਮਨਾਇਆ ਜਾਵੇਗਾ। ਇਸ ਵਾਰ 11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਚੱਲਣ ਵਾਲੇ ਵਿਸਾਖੀ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਉਨਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਜਦੀਪ ਸਿੰਘ ਬਰਾੜ ਮੇਲੇ ਦੇ ਓਵਰਆਲ ਇੰਚਾਰਜ ਹੋਣਗੇ, ਜਦਕਿ ਐਸ.ਡੀ.ਐਮ ਤਲਵੰਡੀ ਸਾਬੋ ਸ਼੍ਰੀ ਵਰਿੰਦਰ ਸਿੰਘ ਨੂੰ ਮੇਲਾ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸਾਖੀ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਕੋਵਿਡ ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਮੱਦੇਨਜ਼ਰ ਸਾਰੇ ਪ੍ਰਬੰਧਾਂ ਨੂੰ ਪੁਖਤਾ ਰੂਪ ਵਿੱਚ ਨੇਪਰੇ ਚਾੜਿਆ ਜਾਵੇ। ਉਨਾਂ ਕਿਹਾ ਕਿ ਮੇਲੇ ਵਾਲੀ ਥਾਂ ਦਾ ਸੈਕਟਰ ਵਾਈਜ਼ ਨਕਸ਼ਾ ਤਿਆਰ ਕੀਤਾ ਜਾਵੇ। ਇਸ ਦੇ ਨਾਲ ਹੀ ਟ੍ਰੈਫਿਕ, ਪਾਰਕਿੰਗ ਅਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਮੁਕੰਮਲ ਰੂਪ ਵਿੱਚ ਨੇਪਰੇ ਚਾੜਿਆ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਵਿਸਾਖੀ ਮੇਲੇ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ। ਉਨਾਂ ਵਲੋਂ ਵਿਸਾਖੀ ਮੇਲੇ ਮੌਕੇ ਬਠਿੰਡਾ ਸ਼ਹਿਰ ਤੇ ਤਲਵੰਡੀ ਸਾਬੋ ਵਿਖੇ ਵੱਖ-ਵੱਖ ਪ੍ਰਮੁੱਖ ਚੌਕਾਂ ਦੀ ਸਜਾਵਟ ਤੋਂ ਇਲਾਵਾ ਸਵਾਗਤੀ ਗੇਟ ਅਤੇ ਝੰਡੇ ਲਗਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਡਿਪਟੀ ਕਮਿਸ਼ਨਰ ਨੇ ਮੇਲਾ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਤਲਵੰਡੀ ਸਾਬੋ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸੀਨੀਅਰ ਪੁਲਿਸ ਕਪਤਾਨ ਨਾਲ ਤਾਲਮੇਲ ਕਰਕੇ ਐਨ ਡੀ ਆਰ ਐਫ ਜਲੰਧਰ ਤੋਂ ਗੋਤਾਖ਼ੋਰ ਟੀਮ ਦਾ ਪ੍ਰਬੰਧ ਕਰਨਗੇ ਤਾਂ ਜੋ ਕੋਈ ਅਨਸੁਖਾਵੀਂ ਘਟਨਾ ਲੂਨਾ ਵਾਪਰੇ। ਉਨਾਂ ਲੋਕਾਂ ਨੂੰੂ ਅਪੀਲ ਕਰਦਿਆਂ ਕਿਹਾ ਕਿ ਉਹ ਮੇਲੇ ਦੌਰਾਨ ਕਿਸੇ ਵੀ ਅਨਜਾਣ ਵਿਅਕਤੀ ਤੋਂ ਪ੍ਰਸ਼ਾਦ ਆਦਿ ਲੈ ਕੇ ਨਾ ਖਾਣ ਤਾਂ ਜੋ ਕੋਈ ਅਨਸੁਖਾਵੀਂ ਘਟਨਾ ਨਾ ਘਟੇ।
ਇਸ ਮੌਕੇ ਉਨਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਉਹ ਪਾਰਕਿੰਗ ਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਅਤੇ ਸਿਹਤ ਵਿਭਾਗ ਨੂੰ 24 ਘੰਟੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਮੇਲੇ ਦੌਰਾਨ ਆਮ ਲੋਕਾਂ ਲਈ ਪੀਣ ਵਾਲੇ ਪਾਣੀ, ਸਾਫ਼-ਸਫ਼ਾਈ, ਐਬੂਲੈਂਸਾਂ, ਫਾਇਰ ਬਿ੍ਰਗੇਡ, ਰਿਕਵਰੀ ਵੈਨਾਂ, ਬੈਰੀਕੇਡਿੰਗ ਆਦਿ ਦੇ ਪ੍ਰਬੰਧ ਵੀ ਲੋੜ ਅਨੁਸਾਰ ਕੀਤੇ ਜਾਣ ਤਾਂ ਜੋ ਮੇਲੇ ਵਿਚ ਪੁੱਜਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਾ ਆਵੇ।
ਇਸ ਬੈਠਕ ’ਚ ਐਸ. ਪੀ. ਮੇਜਰ ਸਿੰਘ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਵਰਿੰਦਰ ਸਿੰਘ, ਐਸ.ਡੀ.ਐਮ. ਬਠਿੰਡਾ ਸ੍ਰੀ ਬਬਨਦੀਪ ਸਿੰਘ ਵਾਲੀਆ, ਆਰ.ਟੀ.ਏ. ਮੈਡਮ ਹਰਜੋਤ ਕੌਰ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਕੰਵਲ ਜੀਤ ਸਿੰਘ, ਸਮੂਹ ਬੀ.ਡੀ.ਪੀ.ਓਜ਼, ਕਾਰਜਸਾਧਕ ਅਫ਼ਸਰ, ਮੈਨੇਜਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਪਰਮਜੀਤ ਸਿੰਘ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।