ਨਹਿਰੂ ਯੁਵਾ ਕੇਂਦਰ ਨੇ ਚਲਾਇਆ ‘‘ਸਵੱਛਤਾ ਹੀ ਸੇਵਾ ਮੁਹਿੰਮ’’ ਤਹਿਤ ਸਫਾਈ ਅਭਿਆਨ
ਬਠਿੰਡਾ, 1 ਅਕਤੂਬਰ : ਸਵੱਛਤਾ ਹੀ ਸੇਵਾ ਰਾਸ਼ਟਰੀ ਪੱਧਰ ’ਤੇ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਮਾਈ ਭਾਰਤ ਵਲੰਟੀਅਰਾਂ ਵੱਲੋ ਜ਼ਿਲ੍ਹਾ ਯੁਵਾ ਅਧਿਕਾਰੀ ਨਹਿਰੂ ਯੁਵਾ ਕੇਂਦਰ ਬਠਿੰਡਾ ਸ੍ਰੀ ਹਰਸ਼ਰਨ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਿੰਡ ਨਹੀਆਂ ਵਾਲਾ ਵਿਖੇ ਭਾਈ ਬਹਿਲੋ ਫਿਜ਼ੀਕਲ ਟ੍ਰੇਨਿੰਗ ਸੈਂਟਰ ਦੇ ਮੁਖੀ ਸ਼੍ਰੀ ਸੁਖਪਾਲ ਸਿੰਘ ਨਾਲ ਮਿਲਕੇ ਯੂਥ ਕਲੱਬ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ’ਤੇ ਸਫ਼ਾਈ ਅਭਿਆਨ ਚਲਾਇਆ ਗਿਆ।
ਜ਼ਿਲ੍ਹਾ ਯੂਥ ਅਫ਼ਸਰ ਵੱਲੋਂ ਨੌਜਵਾਨਾਂ ਨੂੰ ਨਿਰੋਗ ਜੀਵਨ ਜਿਊਣ ਲਈ ਸਿੰਗਲ ਵਰਤੋਂ ਵਾਲ਼ੇ ਪਲਾਸਟਿਕ ਦੀ ਵਰਤੋਂ ਘਟਾ ਕੇ ਸਫ਼ਾਈ ਦੇ ਮਹੱਤਵ ਬਾਰੇ ਜਾਣੂ ਕਰਾਇਆ। ਉਨ੍ਹਾਂ ਮਾਈ ਭਾਰਤ ਸਰਕਾਰ ਵੱਲੋਂ ਬਣਾਏ ਮਾਈ ਭਾਰਤ ਪੋਰਟਲ ’ਤੇ ਨੌਜਵਾਨਾਂ ਨੂੰ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੁਹਿੰਮ ਵਿਚ 70 ਭਾਗੀਦਾਰਾਂ ਨੇ ਹਿੱਸਾ ਲਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿੱਥੇ ਲੋਕਾਂ ਨੂੰ ਸਫਾਈ ਦਾ ਮਹੱਤਵ ਦੱਸਣ ਲਈ ‘ਸੁਭਾਅ ਸਵੱਛਤਾ, ਸੰਸਕਾਰ ਸਵੱਛਤਾ’ ਦੇ ਨਾਅਰੇ ਵੀ ਲਾਏ ਗਏ, ਉਥੇ ਹੀ ਨਾਲ-ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਦੀ ਸਫਾਈ ਵੀ ਕੀਤੀ ਗਈ ਅਤੇ ਲੋਕਾਂ ਨੂੰ ਘਰ, ਮੁਹੱਲਾ, ਗਲੀਆਂ ਅਤੇ ਆਪਣਾ ਆਲਾ-ਦੁਆਲਾ ਸਾਫ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਬਠਿੰਡਾ ਵੱਲੋ ਸਾਰੇ ਵਲੰਟੀਅਰਾਂ ਨੂੰ ਮਾਈ ਭਾਰਤ ਕਿੱਟਾਂ ਵੀ ਵੰਡੀਆਂ ਗਈਆਂ।