ਵੈਕਸੀਨ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ : ਡਿਪਟੀ ਕਮਿਸ਼ਨਰ
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾਕਰਨ ਜ਼ਰੂਰੀ : ਡਾ. ਤੇਜਵੰਤ ਸਿੰਘ ਢਿੱਲੋਂ
ਮੰਗਲਵਾਰ ਤੱਕ 166 ਸਿਹਤ ਕਾਮਿਆਂ ਨੇ ਲਗਵਾਈ ਕਰੋਨਾ ਵੈਕਸੀਨ
ਬਠਿੰਡਾ, 19 ਜਨਵਰੀ (ਜਗਮੀਤ ਚਹਿਲ)
ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰਾਂ ਨੇ ਕੋਵਿਡ-19 ਵੈਕਸੀਨ ਪ੍ਰਤੀ ਫੈਲ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਲਈ ਖੁਦ ਕਮਾਨ ਸੰਭਾਲ ਲਈ ਹੈ। ਜ਼ਿਲੇ ’ਚ ਪਹਿਲਾ ਵੈਕਸੀਨ ਏਮਜ਼ ਦੇ ਡਾਇਰੈਕਟਰ ਸ਼੍ਰੀ ਡੀ.ਕੇ. ਸਿੰਘ ਅਤੇ ਦੂਸਰਾ ਵੈਕਸੀਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਤੋਂ ਬਾਅਦ ਸਿਹਤ ਵਿਭਾਗ ਦੇ ਡਾਕਟਰਾਂ ਤੇ ਹੋਰ ਕੋਵਿਡ-19 ਦੌਰਾਨ ਮੂਹਰਲੇ ਖੇਤਰ ’ਚ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਯੋਧਿਆਂ ਵੱਲੋਂ ਲਗਵਾਏ ਜਾ ਰਹੇ ਹਨ। ਹੁਣ ਤੱਕ ਜ਼ਿਲੇ ਅੰਦਰ ਮੰਗਲਵਾਰ ਦੁਪਿਹਰ ਤੱਕ 166 ਸਿਹਤ ਕਾਮਿਆਂ ਵੱਲੋਂ ਕਰੋਨਾ ਵੈਕਸੀਨ ਦੇ ਟੀਕੇ ਲਗਵਾਏ ਜਾ ਚੁੱਕੇ ਹਨ। ਇਹ ਟੀਕੇ ਲਗਵਾਉਣ ਲਈ ਸਿਹਤ ਕਾਮਿਆਂ ਦੀ ਗਿਣਤੀ ਵਿੱਚ ਵੀ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਮਾਰਚ 2020 ਤੋਂ ਅਸੀਂ ਇਸ ਮਹਾਂਮਾਰੀ ਨਾਲ ਜੂਝ ਰਹੇ ਹਾਂ, ਪਰ ਇਸ ਨਵੇਂ ਸਾਲ ਦੇ ਸ਼ੁਰੂ ਵਿਚ ਇਹ ਇਕ ਚੰਗੀ ਸ਼ੁਰੂਆਤ ਹੋਈ ਹੈ ਅਤੇ ਸਾਨੂੰ ਸਾਰਿਆਂ ਨੂੰ ਕੋਰੋਨਾਵਾਇਰਸ ਨੂੰ ਰੋਕਣ ਲਈ ਇਸ ਮੁਹਿੰਮ ਵਿਚ ਹਿੱਸੇਦਾਰ ਬਣਨਾ ਚਾਹੀਦਾ ਹੈ। ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਅਸੀਂ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਹ ਦਵਾਈ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਕੋਰੋਨਾਵਾਇਰਸ ਨੂੰ ਰੋਕਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨਾਂ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਵਿਚ ਫੈਲ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਨੂੰ ਮਿਸਾਲ ਪੇਸ਼ ਕਰਨੀ ਪਵੇਗੀ।
ਸਿਵਲ ਸਰਜਨ ਡਾ. ਢਿੱਲੋਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਜ਼ਿਲਾ ਹਸਪਤਾਲ ਤੋਂ ਇਲਾਵਾ ਸੀ.ਐਚ.ਸੀ. ਗੋਨਿਆਣਾ ਅਤੇ ਐਸ.ਡੀ.ਐਸ. ਤਲਵੰਡੀ ਸਾਬੋ ਵਿਖੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ। ਇਸ ਤਹਿਤ ਜ਼ਿਲਾ ਹਸਪਤਾਲ, ਸੀ.ਐਚ.ਸੀ. ਗੋਨਿਆਣਾ ਅਤੇ ਐਸ.ਡੀ.ਐਸ ਤਲਵੰਡੀ ਸਾਬੋ ਵਿਖੇ ਬਣਾਏ ਗਏ ਸੈਂਟਰਾਂ ਵਿਖੇ 16 ਜਨਵਰੀ ਨੂੰ 36 ਅਤੇ 18 ਜਨਵਰੀ ਨੂੰ 49 ਸਿਹਤ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਤੇ ਸਿਹਤ ਕਰਮੀਆਂ ਦੇ ਟੀਕੇ ਲਗਾਏ ਗਏ ਹਨ। ਇਸੇ ਤਰਾਂ ਜ਼ਿਲਾ ਹਸਪਤਾਲ ਤੋਂ ਇਲਾਵਾ ਆਦੇਸ਼ ਹਸਪਤਾਲ ਅਤੇ ਦਿੱਲੀ ਹਾਰਟ ਇੰਸਟੀਚਿਊਟ ਵਿਖੇ ਬਣਾਏ ਗਏ ਸੈਂਟਰਾਂ ’ਚ 19 ਜਨਵਰੀ ਨੂੰ 81 ਸਿਹਤ ਕਰਮੀਆਂ ਨੂੰ ਕਰੋਨਾ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ।
ਉਨਾਂ ਹੋਰ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜ਼ਿਲੇ ਨੂੰ 14370 ਕੋਵੀਸ਼ੀਲਡ ਵੈਕਸੀਨ ਦੀਆਂ ਡੋਜਾਂ ਪ੍ਰਾਪਤ ਹੋਈਆਂ ਹਨ, ਜਿਨਾਂ ’ਚੋਂ 1370 ਮਿਲਟਰੀ ਹਸਪਤਾਲ ਬਠਿੰਡਾ ਅਤੇ 450 ਡੋਜ਼ ਏਮਜ਼ ਬਠਿੰਡਾ ਨੂੰ ਵੰਡੀਆਂ ਗਈਆਂ ਹਨ। ਇਸ ਤਰਾਂ ਬਾਕੀ ਬਚਦੀਆਂ 12550 ਵੈਕਸੀਨ ਡੋਜ਼ ਸਿਹਤ ਵਿਭਾਗ ਵੱਲੋਂ ਸਰਕਾਰੀ ਤੇ ਨਿੱਜੀ ਖੇਤਰ ਦੇ ਹੈਲਥ ਕੇਅਰ ਵਰਕਰਾਂ ਨੂੰ ਲਗਾਈਆਂ ਜਾਣੀਆਂ ਹਨ।