ਨਰਮੇ ਦੀ ਬਿਜਾਈ ਦੇ ਮੱਦੇਨਜ਼ਰ 01 ਅਪ੍ਰੈਲ ਤੋਂ ਲਗਾਤਾਰ ਦਿੱਤੀ ਜਾਵੇਗੀ ਨਹਿਰੀ ਪਾਣੀ ਦੀ ਸਪਲਾਈ

— ਕਿਸਾਨਾਂ ਨੂੰ ਇਸ ਸਾਲ ਵੱਧ ਤੋਂ ਵੱਧ ਰਕਬੇ ਵਿੱਚ ਨਰਮੇ ਦੀ ਬਿਜਾਈ ਕਰਨ ਦੀ ਅਪੀਲ

ਬਠਿੰਡਾ, 15 ਮਾਰਚ : ਪੰਜਾਬ ਵਿੱਚ ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋ ਫ਼ਸਲੀ ਵਿਭਿੰਨਤਾ ਪਰੋਗਰਾਮ ਤਹਿਤ ਸਾਉਣੀ 2023 ਦੌਰਾਨ ਨਰਮੇ ਦੀ ਫ਼ਸਲ ਹੇਠ ਵੱਧ ਤੋ ਵੱਧ ਰਕਬੇ ਵਿੱਚ ਬਿਜਾਈ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

                ਇਸ ਤਹਿਤ ਪ੍ਰਿੰਸੀਪਲ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ੍ਰੀ ਸੁਮੇਧ ਸਿੰਘ ਗੁਰਜਰ ਨੇ ਦੱਸਿਆ ਕਿ ਇਸ ਸਾਲ ਨਰਮੇ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਨਹਿਰੀ ਪਾਣੀ ਦੀ ਸਪਲਾਈ 01 ਅਪ੍ਰੈਲ ਤੋਂ ਲਗਾਤਾਰ ਦਿੱਤੀ ਜਾਵੇਗੀ ਤਾਂ ਕਿ ਨਰਮੇ ਦੀ ਸਮੇਂ-ਸਿਰ ਬਿਜਾਈ ਹੋ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ 33 ਪ੍ਰਤੀਸ਼ਤ ਸਬਸਿਡੀ ਤੇ ਨਰਮੇ ਦਾ ਬੀਜ ਵੀ ਮਹੱਈਆ ਕਰਵਾਇਆ ਜਾਵੇਗਾ।

                ਇਸੇ ਤਰ੍ਹਾਂ ਹੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਯੋਗ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਅਗੇਤੇ ਪ੍ਰਬੰਧਾਂ ਤਹਿਤ ਚਿੱਟੀ ਮੱਖੀ ਦੇ ਪਨਾਹਗੀਰ ਨਦੀਨਾਂ ਨੂੰ ਖਤਮ ਕਰਨ ਲਈ ਇੱਕ ਵਿਸ਼ੇਸ ਮੁਹਿੰਮ ਵੀ ਚਲਾਈ ਗਈ ਹੈ।

                ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਗਿਆ ਕਿ ਇਸ ਸਾਲ ਜ਼ਿਲ੍ਹੇ ਵਿੱਚ 80,000 ਹੈਕਟਰ ਰਕਬੇ ਵਿੱਚ ਨਰਮੇ ਦੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 44 ਮਾਹਿਰਾਂ ਦੀਆਂ ਟੀਮਾਂ ਬਣਾ ਕੇ ਪਿੰਡਾਂ/ਖੇਤਾਂ ਵਿੱਚ ਪਈਆਂ ਨਰਮੇ ਦੀਆਂ ਛਟੀਆਂ ਦੇ ਢੇਰਾਂ ਵਿੱਚ ਪਏ ਗੁਲਾਬੀ ਸੁੰਡੀ ਦੇ ਲਾਰਵੇ ਨੂੰ ਖਤਮ ਕਰਨ ਲਈ ਬਲਾਕ ਪੱਧਰੀ ਅਤੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਕਿਸਾਨ ਨਰਮੇ ਦੀ ਵਧੀਆ ਕੁਆਲਿਟੀ ਦੀ ਪੈਦਾਵਾਰ ਅਤੇ ਚੰਗੀ ਆਮਦਨ ਪ੍ਰਾਪਤ ਕਰ ਸਕਣ।

                ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਰਮੇ ਦੀ ਬਿਜਾਈ ਤੋ ਪਹਿਲਾਂ ਆਪਣੇ-ਆਪਣੇ ਖੇਤਾਂ/ਪਿੰਡਾਂ ਵਿੱਚ ਪਈਆਂ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਰਹਿੰਦ-ਖੂਹਦ ਨੂੰ ਨਸ਼ਟ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਚੱਲ ਰਹੀਆ ਜਿਨਿੰਗ ਫੈਕਟਰੀਆਂ ਵਿੱਚ ਮਕੁੰਮਲ ਸਫ਼ਾਈ ਵੀ ਕਰਵਾਈ ਜਾ ਰਹੀ ਹੈ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਵੀ ਨਸ਼ਟ ਕਰਵਾਇਆ ਜਾ ਰਿਹਾ ਹੈ ਅਤੇ ਜਿੱਥੇ ਵੀ ਵੜੇਵੇਂ ਸਟੋਰ ਕੀਤੇ ਗਏ ਹਨ, ਉਨ੍ਹਾਂ ਦੀ ਤੁਰੰਤ ਫਿਊਮੀਗੇਸ਼ਨ ਕਰਵਾਈ ਜਾ ਰਹੀ ਹੈ ਤਾਂ ਜੋ ਕੀਟ-ਪਤੰਗੇ ਦੀ ਰਹਿੰਦ-ਖੂੰਹਦ ਬਾਕੀ ਨਾ ਰਹਿ ਸਕੇ।

                ਮੁੱਖ ਖੇਤੀਬਾੜੀ ਅਫਸਰ ਵੱਲੋ ਕਿਸਾਨਾਂ ਨੂੰ ਇਸ ਸਾਲ ਵੱਧ ਤੋਂ ਵੱਧ ਰਕਬੇ ਵਿੱਚ ਨਰਮੇ ਦੀ ਬਿਜਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਬਠਿੰਡਾ ਵੱਲੋਂ ਲਗਾਤਾਰ ਕਿਸਾਨਾਂ ਨੂੰ ਉਚ-ਮਿਆਰੀ ਬੀਜ ਅਤੇ ਹੋਰ ਇੰਨ-ਪੁੱਟਸ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ 8 ਟੀਮਾਂ ਗਠਿਤ ਕੀਤੀਆਂ ਗਈਆ ਹਨ।