ਬੀਤੇ 24 ਘੰਟਿਆਂ ਦੌਰਾਨ 3914 ਦੇ ਲਏ ਸੈਂਪਲ ਤੇ 1301 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ
ਬਠਿੰਡਾ, 8 ਮਈ ( ਪਰਗਟ ਸਿੰਘ )
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ ਵਿੱਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ 3914 ਸੈਂਪਲ ਲਏ ਗਏ ਤੇ 1301 ਲੋਕਾਂ ਦੀ ਵੈਕਸੀਨੇਸ਼ਨ ਹੋਈ।
ਡਿਪਟੀ ਕਮਿਸ਼ਨਰ ਨੇ ਬੀਤੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 882 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 349 ਵੱਖ-ਵੱਖ ਦਫ਼ਤਰਾਂ ਵਿਚ ਆਉਣ ਵਾਲੇ ਵਿਅਕਤੀਆਂ, 149 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ, 1264 ਸਿਹਤ ਵਿਭਾਗ ਤੇ 1270 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ।
ਇਸੇ ਤਰਾਂ ਜ਼ਿਲੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1301 ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ ਵੈਕਸੀਨੇਸ਼ਨ ਕੀਤੀ ਗਈ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।