ਗਾਇਕ ਸ੍ਰੀ ਬਰਾੜ ਨੂੰ ਅਦਾਲਤ ਵਲੋਂ ਮਿਲੀ ਜ਼ਮਾਨਤ
ਪਟਿਆਲਾ 13 ਜਨਵਰੀ ( ਪਰਗਟ ਸਿੰਘ )
ਪੰਜਾਬੀ ਗਾਇਕ ਤੇ ਗੀਤਕਾਰ ਸ੍ਰੀ ਬਰਾੜ ਨੂੰ ਭੜਕਾਊ ਗੀਤ ਗਾਉਣ ਕਾਰਨ ਗ੍ਰਿਫਤਾਰ ਕੀਤਾ ਸੀ । ਮਿਲੀ ਜਾਣਕਾਰੀ ਅਨੁਸਾਰ ਅਦਾਲਤ ਵੱਲੋਂ ਗਾਇਕ ਸ੍ਰੀ ਬਰਾੜ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਪਟਿਆਲਾ ਪੁਲਿਸ ਵੱਲੋਂ 3 ਜਨਵਰੀ ਨੂੰ ਸ੍ਰੀ ਬਰਾੜ ਦੇ ਖ਼ਿਲਾਫ਼ ਜਾਨ ਗੀਤ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ । ਜਾਨ ਗੀਤ ਵਿਚ ਭੜਕਾਊ ਹਿੰਸਾ ਅਤੇ ਗੁੰਡਾ ਗਰਦੀ ਨੂੰ ਉਤਸ਼ਾਹਿਤ ਕਰਨ ਤੇ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਨਾਭਾ ਜੇਲ੍ਹ ਤੋੜਨ ਨੂੰ ਉਕਸਾਉਣ ਦੇ ਦੋਸ਼ਾਂ ਅਧੀਨ ਪੁਲਿਸ ਨੇ ਇਨਸਾਈਟਮੈਂਟ ਟੂ ਡਿਸਅਫੈਕਸ਼ਨ ਐਕਟ 1922 ਦੀ ਧਾਰਾ 3, ਭਾਰਤੀ ਦੰਡ ਦੀ ਧਾਰਾ 500, 501, 502 ਤੋ ਇਲਾਵਾ ਹੋਰ ਵੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸ੍ਰੀ ਬਰਾੜ ਦੇ ਵਕੀਲ ਐਚ.ਪੀ.ਐਸ ਵਰਮਾ ਨੇ ਦੱਸਿਆ ਕਿ ਮਾਣਯੋਗ ਸੈਸ਼ਨ ਜੱਜ ਵੱਲੋਂ ਸ੍ਰੀ ਬਰਾੜ ਨੂੰ ਭਵਿੱਖ ਵਿੱਚ ਅਜਿਹੇ ਗਾਣੇ ਨਾ ਲਿਖਣ ਅਤੇ ਨਾ ਹੀ ਗਾਉਣ ਦੀ ਸਖ਼ਤ ਹਦਾਇਤ ਕਰਦੇ ਹੋਏ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕੋਰਟ ਵਿੱਚ ਪੰਜਾਹ ਹਜਾਰ ਦਾ ਮੁਚਲਕਾ ਭਰਨ ਤੋਂ ਬਾਅਦ ਸ੍ਰੀ ਬਰਾੜ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਜਿਨ੍ਹਾਂ ਨੂੰ ਸ਼ਾਮ ਤੱਕ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਜਾਵੇਗਾ ।