ਆਈ.ਜੀ.ਜਸਕਰਨ ਸਿੰਘ ਅਤੇ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਲਗਵਾਈ ਕੋਰੋਨਾ ਵੈਕਸੀਨ
ਦੂਸਰੇ ਫੇਜ਼ ਤਹਿਤ ਪੁਲਿਸ ਪ੍ਰਸ਼ਾਸ਼ਨ ਦੇ ਕੋਰੋਨਾ ਟੀਕਾਕਰਨ ਦੀ ਹੋਈ ਸ਼ੁਰੂਆਤ
ਜ਼ਿਲੇ ਅੰਦਰ ਹੁਣ ਤੱਕ 2759 ਸਿਹਤ ਕਰਮੀਆਂ ਨੂੰ ਦਿੱਤੀ ਗਈ ਹੈ ਕੋਰੋਨਾ ਵੈਕਸੀਨ
ਬਠਿੰਡਾ 4 ਫਰਵਰੀ (ਜਗਮੀਤ ਚਹਿਲ)
ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿਲੋਂ ਦੀ ਦੇਖ-ਰੇਖ ਹੇਠ ਦੂਸਰੇ ਫੇਜ਼ ਤਹਿਤ ਪੁਲਿਸ ਪ੍ਰਸ਼ਾਸ਼ਨ ਦੇ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਟੀਕਾਕਰਨ ਦਾ ਅਗਾਜ਼ ਆਈ.ਜੀ. ਬਠਿੰਡਾ ਜ਼ੋਨ ਜਸਕਰਨ ਸਿੰਘ ਆਈ.ਪੀ.ਐਸ. ਅਤੇ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਕੇ ਕੀਤਾ ਗਿਆ।
ਇਸ ਮੌਕੇ ਆਈ.ਜੀ. ਜਸਕਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਦਿਨ ਹੈ। ਅਸੀਂ ਕੋਰੋਨਾ ਬਿਮਾਰੀ ਤੋਂ ਬਚਾ ਲਈ ਵੈਕਸੀਨੇਸ਼ਨ ਕਰਵਾਈ ਹੈ। ਉਨਾਂ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਇਹ ਟੀਕਾਕਰਨ ਆਸਾਨ ਅਤੇ ਪੂਰੀ ਤਰਾਂ ਸੁਰੱਖਿਅਤ ਹੈ। ਅਸੀਂ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੈਕਸੀਨ ਲਗਾਉਣ ਸਬੰਧੀ ਪ੍ਰੇਰਿਤ ਕਰਾਂਗੇ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਕਾਰ ਨੂੰ ਪੂਰਨ ਸਹਿਯੋਗ ਦੇਈਏ ਤਾਂ ਜੋੋ ਇਸ ਬਿਮਾਰੀ ਤੋਂ ਨਿਯਾਤ ਪਾਈ ਜਾ ਸਕੇ। ਉਹਨਾਂ ਟੀਕਾਕਰਨ ਮੁਹਿੰਮ ਵਿੱਚ ਲੱਗੇ ਡਾਕਟਰਾਂ ਅਤੇ ਸਟਾਫ ਦਾ ਵੀ ਧੰਨਵਾਦ ਕੀਤਾ।
ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿਲੋਂ ਨੇ ਦੱਸਿਆ ਕਿ ਜਿਲਾ ਬਠਿੰੰਡਾ ਅੰਦਰ ਦੂਜੇ ਫੇਜ਼ ਤਹਿਤ 5482 ਪੁਲਿਸ ਅਤੇ ਸੈਂਟਰਲ ਫੋਰਸਿਜ਼ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜਿਸ ਦਿਨ ਤੋਂ ਕੋਰੋਨਾ ਵੈਕਸੀਨ ਸ਼ੁਰੂ ਹੋਈ ਹੈ ਹੁਣ ਤੱਕ ਜ਼ਿਲੇ ਅੰਦਰ ਹੁਣ ਤੱਕ 2759 ਸਿਹਤ ਕਰਮੀਆਂ ਨੂੰ ਵੈਕਸਿਨ ਦਿੱਤੀ ਜਾ ਚੁਕੀ ਹੈ। ਕਿਸੇ ਵੀ ਵਿਅਕਤੀ ਨੂੰ ਅਜੇ ਤੱਕ ਕੋਈ ਖਾਸ ਸਾਇਡ ਇਫੈਕਟ ਸਾਹਮਣੇ ਨਹੀਂ ਆਇਆ। ਪੜਾਅ ਵਾਰ ਇਹ ਵੈਕਸੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਵਿਅਕਤੀਆਂ ਨੂੰ ਦਿੱਤੀ ਜਾਵੇਗੀ।
ਇਸ ਮੌਕੇ ਪੁਲਿਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।